ਸੰਗਰੂਰ, 21 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਬਿਰਧ ਆਸ਼ਰਮ ਵਿਖੇ ਅਭਿਆਨ ਫਾਊਡੇਂਸ਼ਨ ਦੀ ਟੀਮ ਵਲੋਂ ਉੱਥੋਂ ਦੇ ਬਜੁਰਗਾਂ ਨੇ ਦੀਵਾਲੀ ਦਾ ਤਿਉਹਾਰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਫਾਊਡੇਸ਼ਨ ਦੇ ਚੇਅਰਮੈਨ ਵਿਪਨ ਸ਼ਰਮਾ ਦੀ ਰਹਿਨੁਮਾਈ ਮੌਕੇ ਦੀਵਾਲੀ ਦੇ ਮਨਾਏ ਇਸ ਤਿਉਹਾਰ ਦੌਰਾਨ ਬਜੁਰਗਾਂ ਲਈ ਮਠਿਆਈ ਅਤੇ ਪਕੌੜਿਆਂ ਦਾ ਪ੍ਰਬੰਧ ਕੀਤਾ ਗਿਆ | ਜਿਕਰਯੋਗ ਹੈ ਕਿ ਅਭਿਆਨ ਫਾਊਡੇਸ਼ਨ ਬੇਸਹਾਰਾਂ ਬਜੁਰਗਾਂ ਅਤੇ ਪਰਿਵਾਰਾਂ ਵਲੋ ਦਨਕਿਨਾਰ ਕੀਤੇ ਬਜੁਰਗਾਂ ਦੀ ਸੇਵਾ ਸੰਭਾਲ ਕਰ ਕੇ ਉਨ੍ਹਾਂ ਦੀ ਜਿੰਦਗੀ ਵਿਚ ਰੌਸ਼ਨੀ ਦੀ ਨਵੀਂ ਕਿਰਨ ਭਰ ਰਹੀ ਹੈ | ਇਸ ਸਮਾਗਮ ਵਿਚ ਦੀਵਾਲੀ ਦਾ ਤਿਉਹਾਰ ਮਨਾ ਰਹੇ ਬਜੁਰਗਾਂ ਵਿਚ ਖੁਸ਼ੀ ਦਾ ਜੋ ਖੇੜਾ ਸੀ ਉਹ ਉਨ੍ਹਾਂ ਦੇ ਚਿਹਰਿਆਂ ਦੀ ਖੁਸ਼ੀ ਸਾਫ ਝਲਕ ਰਿਹਾ ਸੀ |
• ਲੌਂਗੋਵਾਲ, (ਵਿਨੋਦ, ਖੰਨਾ) - ਗੁਰਦੁਆਰਾ ਸੰਤ ਅਤਰ ਸਿੰਘ ਜੀ ਪਿੰਡ ਸ਼ੇਰੋਂ ਵਿਖੇ ਬੰਦੀ ਛੋੜ ਦਿਵਸ ਅਤੇ ਦੀਵਾਲੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਪਾਵਨ ਮੌਕੇ ਗੁਰਦੁਆਰਾ ਸਾਹਿਬ ਦੇ ਰਾਗੀ ਭਾਈ ਰੇਸ਼ਮ ਸਿੰਘ ਨੇ ਰਸਭਿੰਨਾ ਸ਼ਬਦ ਕੀਰਤਨ ਕਰਕੇ ਸਾਧ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ | ਵੱਡੀ ਗਿਣਤੀ ਵਿੱਚ ਸਾਧ ਸੰਗਤ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ ਤੇ ਮੱਥਾ ਟੇਕਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਵਾਸੀਆਂ ਨੂੰ ਬੰਦੀ ਛੋੜ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੁੰਦਰ ਦੀਪਮਾਲਾ ਨਾਲ ਸਜਾਇਆ ਗਿਆ, ਜਿਸ ਨਾਲ ਵਿਹੜਾ ਰੌਸ਼ਨੀ ਨਾਲ ਚਮਕ ਉੱਠਿਆ | ਸੰਗਤ ਨੇ ਗੁਰੂ ਘਰ ਤੋਂ ਅਮਨ, ਚੈਨ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ | ਇਸ ਮੌਕੇ ਪ੍ਰਧਾਨ ਬਿੱਕਰ ਸਿੰਘ, ਕੌਰ ਸਿੰਘ, ਰਾਮ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ ਖ਼ਜ਼ਾਨਚੀ, ਜਗਤਾਰ ਸਿੰਘ ਅਤੇ ਨਿਰਭੈ ਸਿੰਘ ਹਾਜ਼ਰ ਸਨ |
ਖਨੌਰੀ, (ਬਲਵਿੰਦਰ ਸਿੰਘ ਥਿੰਦ) - ਸਥਾਨਕ ਸ਼ਹਿਰ ਦੇ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਪਾਤਿਸ਼ਾਹੀ ਛੇਵੀਂ ਸੰਤ ਆਸ਼ਰਮ ਵਿਖੇ ਬੰਦੀ ਛੋੜ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਨਵੇਂ ਬਣਾਏ ਗਏ ਦਰਬਾਰ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਸਵੇਰੇ ਚਾਰ ਵਜੇ ਪਾਏ ਗਏ ਉਪਰੰਤ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿਚ ਸ਼ੁਰੂ ਕੀਤੀ ਗਈ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ ਸਮੂਹ ਸੰਗਤਾਂ ਵਲੋਂ ਪ੍ਰਭਾਤ ਫੇਰੀ ਕੱਢੀ ਗਈ, ਜੋ ਕਿ ਸ਼ਹਿਰ ਵਿਚ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ | ਅੱਜ ਦੀ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਵਿਖੇ ਹੀ ਸੀ ਤੇ ਇਸ ਦੀ ਸੇਵਾ ਮੀਰੀ ਪੀਰੀ ਸੇਵਾ ਦਲ ਖਨੌਰੀ ਵਲੋਂ ਨਿਭਾਈ ਗਈ ਸੀ | ਗੁਰਦੁਆਰਾ ਸਾਹਿਬ ਵਿਖੇ ਹਜ਼ੂਰੀ ਰਾਗੀ ਭਾਈ ਰਛਪਾਲ ਸਿੰਘ ਦੇ ਜਥੇ ਨੇ ਰਸਭਿੰਨਾ ਕੀਰਤਨ ਕੀਤਾ | ਉਪਰੰਤ ਕਥਾਕਾਰ ਭਾਈ ਗੁਰਜੀਤ ਸਿੰਘ ਦੇ ਜਥੇ ਨੇ ਵੀ ਬੰਦੀ ਛੋੜ ਦਿਹਾੜਾ ਬਾਰੇ ਕਥਾ ਅਤੇ ਧਾਰਨਾ ਨਾਲ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਗੁਰਦੁਆਰਾ ਸਾਹਿਬ ਦੇ ਮੁਖੀ ਬਾਬਾ ਪਵਿੱਤਰ ਸਿੰਘ ਨੇ ਨਵੇਂ ਦਰਬਾਰ ਹਾਲ ਦੀਆਂ ਅਤੇ ਬੰਦੀ ਛੋੜ ਦਿਹਾੜੇ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ | ਮੀਰੀ ਪੀਰੀ ਸੇਵਾ ਦਲ ਵਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |
- ਸ਼ਹੀਦ ਭਾਈ ਮਨੀ ਸਿੰਘ ਖ਼ਾਲਸਾ ਕਾਲਜ ਲੌਂਗੋਵਾਲ ਵਿਖੇ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਵਿਚ ਸਾਰੇ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੱਸਾ ਲੈਂਦਿਆਂ ਆਪਣੇ ਕਲਾਸ ਰੂਮਾਂ ਦੀ ਸੁੰਦਰ ਸਜਾਵਟ ਕੀਤੀ ਅਤੇ ਰੰਗੋਲੀ ਬਣਾ ਕੇ ਤਿਉਹਾਰ ਨੂੰ ਹੋਰ ਖ਼ਾਸ ਬਣਾਇਆ | ਇਸ ਮੌਕੇ ਦੀਵਾਲੀ ਡੈਕੋਰੇਸ਼ਨ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ |ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਜਸਪ੍ਰੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਦੇ ਉਨ੍ਹਾਂ ਦੇ ਯਤਨਾਂ ਅਤੇ ਰਚਨਾਤਮਿਕਤਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਤਿਉਹਾਰ ਨਾ ਸਿਰਫ਼ ਸਭਿਆਚਾਰਕ ਵਿਰਾਸਤ ਨੂੰ ਜਿਊਾਦਾ ਰੱਖਦੇ ਹਨ ਬਲਕਿ ਟੀਮ ਵਰਕ ਅਤੇ ਸਿਰਜਣਾਤਮਿਕ ਸੋਚ ਨੂੰ ਵੀ ਉਤਸ਼ਾਹਿਤ ਕਰਦੇ ਹਨ | ਇਸ ਮੌਕੇ ਡਾ. ਨੀਨਾ ਬਰਾੜ, ਸਹਿ. ਪ੍ਰੋ. ਪਰਮਜੀਤ ਕੌਰ, ਸਹਿ. ਪ੍ਰੋ. ਮਨਵੀਰ ਕੌਰ, ਸਹਿ. ਪ੍ਰੋ. ਗਗਨਦੀਪ ਕੌਰ, ਸਹਿ.ਪ੍ਰੋ. ਪਰਮਜੀਤ ਸਿੰਘ, ਸਹਿ. ਪ੍ਰੋ. ਹਰਨੀਤ ਕੌਰ, ਸਹਿ. ਪ੍ਰੋ.ਜਗਤਾਰ ਸਿੰਘ ਹਾਜ਼ਰ ਸਨ |
ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ) - ਵਿਜਡਮ ਵਰਲਡ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਜਿਸ ਵਿਚ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਆਪਣੀ-ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਿਸ ਵਿਚ ਸਕੂਲੀ ਵਿਦਿਆਰਥੀਆਂ ਨੇ ਰੰਗੋਲੀ, ਦੀਵਾ ਬਣਾਉਣਾ, ਗਰੀਟਿੰਗ ਕਾਰਡ, ਡਿਜ਼ਾਈਨਰ ਵਾਲ ਹੈਂਗਿੰਗ ਅਤੇ ਅਲੱਗ ਅਲੱਗ ਪ੍ਰਕਾਰ ਦੇ ਆਰਟ ਨਾਲ ਸੰਬੰਧਿਤ ਚੀਜ਼ਾਂ ਬਣਾਈਆਂ | ਇਸੇ ਹੀ ਸੰਬੰਧ ਵਿਚ ਵਿਦਿਆਰਥੀਆਂ ਨੇ ਸਵੇਰੇ ਅਸੈਂਬਲੀ ਟਾਈਮ ਇੱਕ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ | ਅਸੈਂਬਲੀ ਦੀ ਸ਼ੁਰੂਆਤ ਰਾਮ ਸ਼ਤੂਤੀ ਤੋਂ ਕੀਤੀ ਗਈ | ਫਿਰ ਅਸੈਂਬਲੀ ਦੌਰਾਨ ਹੀ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਡਾਂਸ ਦੌਰਾਨ ਪੂਰੀ ਰਮਾਇਣ ਦੀ ਝਾਕੀ ਪੇਸ਼ ਕੀਤੀ | ਇਸ ਤੋਂ ਇਲਾਵਾ ਸੱਤਵੀਂ ਅਤੇ ਅੱਠਵੀਂ ਦੀਆਂ ਵਿਦਿਆਰਥਣਾਂ ਨੇ ਨੁੱਕੜ ਨਾਟਕ ਰਾਹੀਂ ਦੀਵਾਲੀ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ | ਇਸ ਤੋਂ ਇਲਾਵਾ ਕਵਿਤਾਵਾਂ, ਗੀਤ ਅਤੇ ਛੋਟੇ ਛੋਟੇ ਸਕਿੱਟ ਵੀ ਪੇਸ਼ ਕੀਤੇ, ਅਸੈਂਬਲੀ ਦੇ ਦੌਰਾਨ ਹੀ ਵਿਦਿਆਰਥੀਆਂ ਨੇ ਬੰਦੀ ਛੋੜ ਦਿਵਸ ਨਾਲ ਸੰਬੰਧਿਤ ਇੱਕ ਬਹੁਤ ਹੀ ਵਧੀਆ ਸਪੀਚ ਪੇਸ਼ ਕੀਤੀ | ਇਸ ਤੋਂ ਇਲਾਵਾ ਸਕੂਲ ਵਿਚ ਭਾਈ ਦੂਜ ਦਾ ਤਿਉਹਾਰ ਵੀ ਮਨਾਇਆ ਗਿਆ ਜਿਸ ਦੌਰਾਨ ਭੈਣਾਂ ਨੇ ਆਪਣੇ ਭਰਾਵਾਂ ਨੂੰ ਟਿੱਕਾ ਲਗਾ ਕੇ ਇਸ ਤਿਉਹਾਰ ਨੂੰ ਮਨਾਇਆ | ਸਕੂਲ ਮੈਨੇਜਮੈਂਟ ਅਤੇ ਪਿ੍ੰਸੀਪਲ ਸਾਹਿਬਾਨ ਨੇ ਬੱਚਿਆਂ ਦੇ ਇਸ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕੀਤੀ ਅਤੇ ਬੱਚਿਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਦੀਵਾਲੀ ਨੂੰ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ |
ਲੌਂਗੋਵਾਲ, (ਸ. ਸ.ਖੰਨਾ ) - ਨੇੜਲੇ ਪਿੰਡ ਮੰਡੇਰ ਕਲਾ ਸਰਕਾਰੀ ਐਲੀਮੈਂਟਰੀ ਸਕੂਲ ਦੇ ਇੰਚਾਰਜ ਮੈਡਮ ਸਤਵੀਰ ਕੌਰ ਸਿੱਧੂ ਦੀ ਅਗਵਾਈ ਹੇਠ ਸਕੂਲ ਵਿਚ ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ | ਵਿਦਿਆਰਥੀਆਂ ਨੇ ਸਕੂਲ ਦੇ ਗਲਿਆਰਿਆਂ ਅਤੇ ਵਿਹੜਿਆਂ ਨੂੰ ਸਜਾਉਣ ਲਈ ਪਾਊਡਰ ਅਤੇ ਫੁੱਲਾਂ ਦੀਆਂ ਪੱਤੀਆਂ ਦੀ ਵਰਤੋਂ ਕਰਕੇ ਰੰਗੋਲੀਆਂ ਬਣਾਈਆਂ ਤੇ ਸਕੂਲ ਵਿਚ ਸਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸਭਿਆਚਾਰਕ ਵਿਰਾਸਤ ਨੂੰ ਦਰਸਾਉਂਦੇ ਹੋਏ ਡਾਂਸ ਪ੍ਰਦਰਸ਼ਨ, ਕਹਾਣੀ ਸੁਣਾਉਣ ਦੇ ਸੈਸ਼ਨ ਅਤੇ ਸੰਗੀਤ ਸ਼ਾਮਲ ਸਨ | ਅਧਿਆਪਕਾਂ ਵਲੋਂ ਦੀਵਾਲੀ ਦੇ ਇਤਿਹਾਸ ਬਾਰੇ ਦੱਸਿਆ ਗਿਆ | ਇਸ ਮੌਕੇ ਸਟੇਟ ਅਵਾਰਡੀ ਮਾਸਟਰ ਨਿਗਮ ਭਾਸਕਰ ਨੇ ਕਿਹਾ ਜਿਵੇਂ ਕਿ ਰੋਸ਼ਨੀ ਦਾ ਤਿਉਹਾਰ ਦੀਵਾਲੀ ਹਰ ਪਾਸੇ ਨੂੰ ਰੌਸ਼ਨ ਕਰਦਾ ਹੈ, ਇਹ ਹਰ ਕਿਸੇ ਦੇ ਮਨਾਂ ਅਤੇ ਦਿਲਾਂ ਨੂੰ ਵੀ ਰੌਸ਼ਨ ਕਰਦਾ ਹੈ |
ਮੂਲੋਵਾਲ, (ਰਤਨ ਸਿੰਘ ਭੰਡਾਰੀ) - ਸੰਤ ਬਾਬਾ ਰਣਜੀਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਵਿਖੇ ਬੀਤੇ ਦਿਨ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਸਕੂਲ ਪਿ੍ੰਸੀਪਲ ਕਰਮਜੀਤ ਕੌਰ ਚੱਠਾ ਦੀ ਅਗਵਾਈ ਅਧੀਨ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਸਕੂਲ ਮੈਨੇਜਮੈਂਟ ਗੀਤਾ ਕੇਸਰ, ਅਨੀਲ ਕੇਸਰ, ਅਤੇ ਪਿ੍ਤਪਾਲ ਸਿੰਘ ਚੱਢਾ ਵੱਲੋਂ ਸਮੂਹ ਸਟਾਫ਼ ਨੂੰ ਦੀਵਾਲੀ ਤੇ ਤੋਹਫ਼ੇ ਅਤੇ ਮਠਿਆਈਆਂ ਦੇ ਕੇ ਸਮੂਹ ਸਟਾਫ਼ ਅਤੇ ਬੱਚਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਸੁਰੱਖਿਅਤ ਦੀਵਾਲੀ ਮਨਾਉਣ ਦੀ ਪ੍ਰੇਰਨਾ ਦਿੱਤੀ ਅਤੇ ਦੀਵਾਲੀ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ |
ਸ਼ੇਰਪੁਰ, (ਜੋਸ਼ੀ, ਖੇੜੀ) - ਦੀਵਾਲੀ ਦੇ ਮੌਕੇ 'ਤੇ ਨਸ਼ਾ ਰੋਕੂ ਕਮੇਟੀ ਸ਼ੇਰਪੁਰ ਅਤੇ ਖੇੜੀ ਕਲਾਂ ਦੇ ਨੌਜਵਾਨਾਂ ਵੱਲੋਂ ਵਾਤਾਵਰਨ ਸੁਰੱਖਿਆ ਨੂੰ ਪ੍ਰਮੋਟ ਕਰਨ ਲਈ ਵਿਲੱਖਣ ਪਹਿਲ ਕੀਤੀ ਗਈ | ਇਨ੍ਹਾਂ ਨੌਜਵਾਨਾਂ ਨੇ ਸ਼ੇਰਪੁਰ ਵਿਖੇ ਫਲਦਾਰ, ਛਾਂਦਾਰ ਅਤੇ ਫੁੱਲਾਂ ਵਾਲੇ ਬੂਟੇ ਵੰਡੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਟਾਕਿਆਂ ਦੀ ਥਾਂ 'ਹਰੀ ਦੀਵਾਲੀ' ਮਨਾਉਣ | ਇਸ ਮੌਕੇ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪਟਾਕਿਆਂ ਨਾਲ ਵਾਤਾਵਰਨ ਪ੍ਰਦੂਸ਼ਣ ਵਧਦਾ ਹੈ, ਜਿਸ ਨਾਲ ਸਿਰਫ਼ ਹਵਾ ਨਹੀਂ ਸਗੋਂ ਜੀਵ-ਜੰਤੂਆਂ ਅਤੇ ਮਨੁੱਖੀ ਸਿਹਤ 'ਤੇ ਵੀ ਬੁਰਾ ਅਸਰ ਪੈਂਦਾ ਹੈ | ਨਸ਼ਾ ਰੋਕੂ ਕਮੇਟੀ ਨੇ ਕਿਹਾ ਕਿ ਜਿਵੇਂ ਅਸੀਂ ਨਸ਼ਿਆਂ ਤੋਂ ਦੂਰ ਰਹਿਣ ਦੀ ਪੇ੍ਰਰਨਾ ਦਿੰਦੇ ਹਾਂ, ਉਸੇ ਤਰ੍ਹਾਂ ਪ੍ਰਕਿਰਤੀ ਦੀ ਸੁਰੱਖਿਆ ਲਈ ਵੀ ਜ਼ਿੰਮੇਵਾਰ ਬਣਨਾ ਚਾਹੀਦਾ ਹੈ | ਬੂਟਾ ਲਗਾਉਣਾ ਇੱਕ ਅਜਿਹੀ ਸੇਵਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਤੋਹਫ਼ਾ ਬਣਦੀ ਹੈ | ਇਸ ਮੌਕੇ ਉਨ੍ਹਾਂ ਨੇ ਹਰ ਘਰ ਵਿਚ ਘੱਟੋ-ਘੱਟ ਇੱਕ ਦਰਖ਼ਤ ਲਗਾਉਣ ਅਤੇ ਪਟਾਕਿਆਂ ਦੀ ਬਜਾਏ ਪ੍ਰਕਾਸ਼ ਤੇ ਪ੍ਰੇਮ ਨਾਲ ਭਰਪੂਰ ਹਰੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ | ਇਸ ਮੌਕੇ ਬਲਵਿੰਦਰ ਸਿੰਘ ਬਿੰਦਾ, ਸੰਦੀਪ ਸਿੰਘ ਗੋਪੀ, ਸਨਮੁੱਖ ਸਿੰਘ ਖੇੜੀ, ਹਰਪ੍ਰੀਤ ਸਿੰਘ ਹੈਪੀ, ਬੌਬੀ ਚੀਮਾ, ਹਰਪ੍ਰੀਤ ਥਿੰਦ, ਹਰਦੀਪ ਸਿੰਘ ਗਰੇਵਾਲ, ਕਾਲਾ ਖਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਮੌਜੂਦ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਹੈਰੀਟੇਜ ਸਕੂਲ ਵਿਖੇ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਨਵੇਂ ਢੰਗ ਦੀਆਂ ਖੇਡਾਂ ਖੇਡ ਕੇ ਅਤੇ ਸੁਆਦੀ ਪਕਵਾਨਾਂ ਦਾ ਬੱਚਿਆਂ ਨੇ ਭਰਪੂਰ ਆਨੰਦ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਅਨਿਲ ਮਿੱਤਲ ਨੇ ਦੱਸਿਆ ਕਿ ਇਸ ਸਮਾਗਮ ਕਰਵਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਆਪਣੇ ਤਿਉਹਾਰਾਂ, ਸੱਭਿਆਚਾਰ ਅਤੇ ਸਭਿਅਤਾ ਬਾਰੇ ਜਾਣਨ ਅਤੇ ਸਮਝਣ ਦਾ ਮੌਕਾ ਦੇਣ ਅਤੇ ਆਪਸੀ ਏਕਤਾ ਅਤੇ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰਨ ਸਬੰਧੀ ਉਤਸ਼ਾਹਿਤ ਕਰਨਾ ਹੈ | ਇਸ ਮੌਕੇ 'ਤੇ ਸਕੂਲ ਪ੍ਰਬੰਧਕ ਅਨਿਲ ਮਿੱਤਲ, ਆਸ਼ਿਮਾ ਮਿੱਤਲ ਅਤੇ ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਬੱਚਿਆਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਈਕੋ ਫਰੈਂਡਲੀ ਮਨਾਉਣ, ਪਟਾਕੇ ਨਾ ਚਲਾਉਣ, ਮੋਮਬੱਤੀਆਂ ਦੀ ਬਜਾਏ ਮਿੱਟੀ ਦੇ ਦੀਵੇ ਜਗਾਉਣ ਅਤੇ ਐਲ.ਈ.ਡੀ ਲਾਈਟਾਂ ਦੀ ਵਰਤੋਂ ਕਰਨ, ਆਰਗੈਨਿਕ ਰੰਗੋਲੀ ਬਣਾਉਣ ਅਤੇ ਦੀਵਾਲੀ ਦੇ ਤੋਹਫ਼ੇ 'ਚ ਛੋਟੇ-ਛੋਟੇ ਪੌਦੇ ,ਮਿੱਟੀ ਦੀਆਂ ਬਣੀਆਂ ਚੀਜ਼ਾਂ ਗਿਫ਼ਟ ਕਰਨ ਲਈ ਪ੍ਰੇਰਿਤ ਕੀਤਾ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) - ਲਾਇਨਜ਼ ਕਲੱਬ ਸੁਨਾਮ ਪ੍ਰਾਈਮ ਵਲੋਂ ਰੋਸ਼ਨੀਆਂ ਦਾ ਤਿਉਹਾਰ ਦੀਵਾਲੀ ਪ੍ਰਧਾਨ ਪਵਿੱਤਰ ਸਿੰਗਲਾ ਅਤੇ ਚੇਅਰਮੈਨ ਅੰਕੁਰ ਜ਼ਖਮੀ ਦੀ ਅਗਵਾਈ ਵਿਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਜਿਸ ਵਿਚ ਹਰਵਿੰਦਰ ਸਿੰਘ ਖਹਿਰਾ ਡੀ ਐਸ ਪੀ ਸੁਨਾਮ , ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ ਚੇਅਰਮੈਨ ਮਾਰਕਿਟ ਕਮੇਟੀ ਸੁਨਾਮ, ਇੰਸਪੈਕਟਰਾ ਪ੍ਰਤੀਕ ਜਿੰਦਲ ਐਸ ਐੱਚ ਓ ਸੁਨਾਮ ਅਤੇ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਦੇ ਵਿਚ ਚੌਥਾ ਰੈਂਕ ਪ੍ਰਾਪਤ ਕਰਨ ਵਾਲੀ ਮੈਡਮ ਮਹਿਕ ਗੁਪਤਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਇਸ ਸਮੇਂ ਲਾਈਵ ਮਿਊਜ਼ਿਕ ਦੇ ਨਾਲ-ਨਾਲ ਵੱਖ-ਵੱਖ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਅਤੇ ਮੁਕਾਬਲੇ ਵੀ ਕਰਵਾਏ ਗਏ | ਜੇਤੂਆਂ ਨੂੰ ਇਨਾਮ ਵੀ ਵੰਡੇ ਗਏ |ਸਮਾਗਮ ਵਿਚ ਸ਼ਾਮਿਲ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਪ੍ਰਧਾਨ ਪਵਿੱਤਰ ਸਿੰਗਲਾ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਸੰਜੀਵ ਮੈਨਨ, ਸਰਪੰਚ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ , ਪਰਮਿੰਦਰ ਸਿੰਘ ਜਾਰਜ, ਗਗਨਦੀਪ ਸਿੰਘ ਲਿੱਲੀ, ਡਾਕਟਰ ਅੰਸ਼ੂਮਨ ਫੁੱਲ, ਭੁਪਿੰਦਰ ਭਾਰਦਵਾਜ, ਸੁਨੀਲ ਖੀਪਲਾ, ਅੰਕਿਤ ਪਹੂਜਾ, ਅਮਿਤ ਕੌਸ਼ਲ, ਅਸ਼ੋਕ ਕੁਮਾਰ, ਰਵੀ ਪਟਵਾਰੀ, ਰੁਪਿੰਦਰ ਸਿੰਘ ਰਮਨੀਕ ਸਿੰਘ, ਰਿੰਪਾ ਬਡਬਰੀਆ, ਐਡਵੋਕੇਟ ਬਿਕਰਮ ਵਿੱਕੀ ਅਤੇ ਰਾਜੇਸ਼ ਗਰਗ ਆਦਿ ਮੌਜੂਦ ਸਨ |
ਮਸਤੂਆਣਾ ਸਾਹਿਬ, (ਦਮਦਮੀ) - ਵੀਂਹਵੀ ਸਦੀ ਦੀ ਮਹਾਨ ਸ਼ਖਸ਼ੀਅਤ ਸੰਤ ਅਤਰ ਸਿੰਘ ਵਲੋਂ ਸਥਾਪਤ ਕੀਤੇ ਮਾਲਵੇ ਦੇ ਪ੍ਰਸਿੱਧ ਅਸਥਾਨ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਇਲਾਵਾ ਗੁ. ਸੱਚਖੰਡ ਅੰਗੀਠਾ ਸਾਹਿਬ, ਗੁ. ਮਾਤਾ ਭੋਲੀ ਜੀ, ਗੁ. ਅਕਾਲਸਰ ਕੁਟੀਆ ਬਾਲੀਆਂ, ਗੁ. ਝਿਡਹਾ ਸਾਹਿਬ ਕਾਂਝਲਾ, ਗੁ. ਅਕੋਈ ਸਾਹਿਬ, ਗੁ. ਅਕਾਲਗਡ ਸਾਹਿਬ ਲਾਲ ਕੋਠੀ ਅਤੇ ਗੁ. ਅਤਰਸਰ ਸਾਹਿਬ ਸਾਰੋਂ ਵਿਖੇ ਬੰਦੀ ਛੋਡ ਦਿਵਸ, ਦੀਵਾਲੀ ਅਤੇ ਮੱਸਿਆ ਦਾ ਪਵਿੱਤਰ ਦਿਹਾਡਾ ਇਲਾਕੇ ਦੀਆਂ ਸਰਧਾਲੂ ਸੰਗਤਾਂ ਵਲੋਂ ਬੜੀ ਸਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਉਚ ਕੋਟੀ ਦੇ ਰਾਗੀ ਢਾਡੀ ਜਥਿਆਂ ਤੋਂ ਇਲਾਵਾ ਸੰਤ ਬਲਜੀਤ ਸਿੰਘ ਫੱਕਰ, ਭਾਈ ਦਲਜੀਤ ਸਿੰਘ ਤਾਨ, ਭਾਈ ਇੰਦਰਪਾਲ ਸਿੰਘ, ਭਾਈ ਗੋਬਿੰਦ ਸਿੰਘ ਮੰਡੇਰ ਭਾਈ ਗੁਰਪ੍ਰੀਤ ਸਿੰਘ ਰਬਾਬੀ, ਬੀਬਾ ਜਸ਼ਨਪ੍ਰੀਤ ਕੌਰ ਲੁਧਿਆਣੇ ਵਾਲੇ, ਭਾਈ ਪ੍ਰਭਜੋਤ ਸਿੰਘ ਬਰਨਾਲਾ, ਭਾਈ ਇੰਦਰਜੀਤ ਸਿੰਘ, ਭਾਈ ਮਨਪ੍ਰੀਤ ਸਿੰਘ, ਭਾਈ ਸ਼ੇਰ ਸਿੰਘ ਦੁੱਗਾਂ, ਭਾਈ ਕਰਮਜੀਤ ਸਿੰਘ ਅਤੇ ਭਾਈ ਅਵਤਾਰ ਸਿੰਘ ਦੇ ਜਥੇ ਵਲੋਂ ਕਥਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਇਸ ਤੋਂ ਪਹਿਲਾ ਇਥੋਂ ਨੇੜਲੇ ਦਰਜਨਾਂ ਪਿੰਡਾਂ ਦੀਆਂ ਹਜਾਰਾਂ ਦੀ ਤਾਦਾਦ ਅੰਦਰ ਸੰਗਤਾਂ ਨੇ ਅੰਮਿ੍ਤ ਵੇਲੇ ਮਸਤੂਆਣਾ ਸਾਹਿਬ ਵਿਖੇ ਪਹੁੰਚ ਕੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰ ਕੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦਾ ਅਨੰਦ ਮਾਣਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਆਈਆਂ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਰਾਗੀ ਢਾਡੀ ਜਥਿਆਂ ਨੂੰ ਸਿਰੋਪਾਉ ਭੇਟ ਕੀਤੇ ਗਏ | ਇਸ ਮੌਕੇ ਮੁੱਖ ਪ੍ਰਬੰਧਕ ਡਾ. ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਬਾਬਾ ਹਰਬੇਅੰਤ ਸਿੰਘ, ਬਾਬਾ ਸੁਰਜੀਤ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਗੁਰਮੇਲ ਸਿੰਘ, ਬਲਦੇਵ ਸਿੰਘ ਵੜੈਚ, ਗੁਰਜੰਟ ਸਿੰਘ ਦੁੱਗਾਂ, ਮਨਜੀਤ ਸਿੰਘ ਬਾਲੀਆਂ, ਮਾਸਟਰ ਭੁਪਿੰਦਰ ਸਿੰਘ ਗਰੇਵਾਲ, ਸਿਆਸਤ ਸਿੰਘ ਗਿੱਲ, ਹਾਕਮ ਸਿੰਘ ਕਿਸਨਗਡੀਆ, ਕੇਵਲ ਸਿੰਘ ਜਲਾਣ, ਗਮਦੂਰ ਸਿੰਘ ਖਹਿਰਾ, ਰਣਜੀਤ ਸਿੰਘ ਬਹਾਦਰਪੁਰ, ਮੈਨੇਜਰ ਜਸਵੀਰ ਸਿੰਘ, ਚਰਨਜੀਤ ਸਿੰਘ ਸਿੱਧੂ, ਮਨਜੀਤ ਸਿੰਘ ਚੰਗਾਲ ਸਮੇਤ ਹੋਰ ਕੌਂਸਲ ਮੈਂਬਰ ਅਤੇ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਵੀ ਮੌਜ਼ੂਦ ਸਨ |
ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਉਤਸ਼ਾਹ ਨਾਲ ਮਨਾਇਆ
ਅਜੀਤ ਡੈਸਕ
22-10-2025