ਮਸਤੂਆਣਾ ਸਾਹਿਬ, 31 ਅਕਤੂਬਰ (ਦਮਦਮੀ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵਲੋਂ ਡਾਇਰੈਕਟਰ ਡਾਕਟਰ ਭੀਮਇੰਦਰ ਸਿੰਘ ਦੀ ਅਗਵਾਈ ਹੇਠ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਚਾਰ ਰੋਜ਼ਾ ਖੇਤਰੀ ਯੁਵਕ ਮੇਲੇ ਦੇ ਅੱਜ ਤੀਸਰੇ ਦਿਨ ਅਕਾਲ ਕਾਲਜ ਕੌਂਸਲ ਅਧੀਨ ਚੱਲ ਰਹੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਸਾਨੌਂ ਸ਼ੌਕਤ ਨਾਲ ਸ਼ੁਰੂ ਹੋਏ | ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਖੇਤਰੀ ਯੁਵਕ ਮੇਲੇ ਦੇ ਕਨਵੀਨਰ ਪਿ੍ੰਸੀਪਲ ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਖੇਤਰੀ ਯੁਵਕ ਮੇਲੇ ਵਿਚ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਵੱਲੋਂ ਲੋਕ ਗੀਤਾਂ ਅਤੇ ਨਾਟਕਾਂ ਰਾਹੀਂ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਖੇਤਰੀ ਯੁਵਕ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਏਡੀਸੀ ਸ੍ਰ. ਸੁਖਵੰਤ ਸਿੰਘ ਸਰਾਓ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਕਾਲਜ ਪਿ੍ੰਸੀਪਲ ਤੋਂ ਇਲਾਵਾ ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਡਾਕਟਰ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਭੰਮਾਵੱਦੀ, ਜਤਿੰਦਰ ਸਿੰਘ ਸਿੱਧੂ ਸਾਬਕਾ ਡਾਇਰੈਕਟਰ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇੰਜੀ. ਰਘੂਮੀਤ ਸਿੰਘ ਬਰਾੜ ਉਪ ਮੁੱਖ ਇੰਜੀਨੀਅਰ ਸਰਕਲ ਸੰਗਰੂਰ ਪਾਵਰਕਾਮ, ਡਾਕਟਰ ਕੁਲਵੰਤ ਕੌਰ ਪਿ੍ੰਸੀਪਲ ਐਸ ਯੂ ਐਸ ਮਹਿਲਾਂ ਚੌਂਕ, ਡਾਕਟਰ ਰਾਜਵਿੰਦਰ ਸਿੰਘ, ਡਾਕਟਰ ਰਜਿੰਦਰ ਕੁਮਾਰ ਡੈਨੀ, ਡਾਕਟਰ ਪਦਮਪ੍ਰੀਤ ਕੌਰ ਪਿ੍ੰਸੀਪਲ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ੍ਹ, ਐਡਵੋਕੇਟ ਮਨਜੀਤ ਸਿੰਘ ਬਾਲੀਆਂ, ਗੁਰਜੰਟ ਸਿੰਘ ਦੁੱਗਾਂ, ਡਾਕਟਰ ਜਤਿੰਦਰ ਦੇਵ, ਡਾਕਟਰ ਗੁਰਵੀਰ ਸਿੰਘ ਸੋਹੀ, ਡਾਕਟਰ ਮੇਜਰ ਸਿੰਘ ਚੱਠਾ, ਪ੍ਰੋਫੈਸਰ ਮਨਪ੍ਰੀਤ ਸਿੰਘ ਗਿੱਲ, ਡਾਕਟਰ ਹਰਜਿੰਦਰ ਸਿੰਘ, ਡਾਕਟਰ ਹਰਿੰਦਰ ਹੁੰਦਲ, ਮੈਡਮ ਰਮਨਦੀਪ ਕੌਰ ਤੋਂ ਇਲਾਵਾ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਧੀਨ ਚੱਲ ਰਹੀਆਂ ਵੱਖ ਵੱਖ ਵਿੱਦਿਅਕ ਸੰਸਥਾਵਾਂ ਦੇ ਪਿ੍ੰਸੀਪਲ ਅਤੇ ਕੌਂਸਲ ਦੇ ਵੱਡੀ ਗਿਣਤੀ ਵਿਚ ਮੈਂਬਰ ਸ਼ਾਮਲ ਸਨ | ਇਸ ਖੇਤਰੀ ਯੁਵਕ ਮੇਲੇ ਦੇ ਅੱਜ ਤੀਸਰੇ ਦਿਨ ਵੱਖ-ਵੱਖ ਥਾਵਾਂ ਤੇ ਬਣਾਈਆਂ ਗਈਆਂ ਤਿੰਨ ਸਟੇਜਾਂ 'ਤੇ ਪ੍ਰਦਰਸ਼ਿਤ ਕੀਤੇ ਗਏ ਲੋਕ ਗੀਤਾਂ ਅਤੇ ਨਾਟਕਾਂ ਨੇ ਜਿੱਥੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ, ਉੱਥੇ ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਵਿਰਾਸਤ ਨਾਲ ਜੁੜਨ ਲਈ ਪ੍ਰੇਰਿਆ | ਇਸ ਮੌਕੇ ਸਟੇਜ ਨੰਬਰ ਇੱਕ ਤੇ ਇਕਾਂਗੀ ਨਾਟਕ ਅਤੇ ਮਮਿਕਰੀ ਦੇ ਮੁਕਾਬਲੇ ਕਰਵਾਏ ਗਏ, ਜਦੋਂ ਕਿ ਦੋ ਨੰਬਰ ਸਟੇਜ ਤੋਂ ਲੋਕ ਗੀਤ, ਲੋਕ ਸਾਜ, ਫੌਕ ਆਰਕੈਸਟਰਾਂ ਅਤੇ ਸਟੇਜ ਨੰਬਰ ਤਿੰਨ ਤੋਂ ਵਾਦ ਵਿਵਾਦ, ਕਾਵਿ ਉਚਾਰਨ, ਭਾਸ਼ਣ ਕਲਾ ਦੇ ਮੁਕਾਬਲੇ ਬਹੁਤ ਹੀ ਖ਼ੂਬਸੂਰਤੀ ਨਾਲ ਕਰਵਾਏ ਗਏ | ਇਸ ਮੌਕੇ ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਸਾਬਕਾ ਏਡੀਸੀ ਸੁਖਵੰਤ ਸਿੰਘ ਸਰਾਓ ਨੇ ਕਿਹਾ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਵਿਰਾਸਤ ਨਾਲ ਜੁੜਨ ਲਈ ਪ੍ਰੇਰਿਆ | ਉਨ੍ਹਾਂ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਵੱਲੋਂ ਵਿਦਿਆ ਦੇ ਖੇਤਰ ਵਿਚ ਪਾਏ ਯੋਗਦਾਨ ਬਾਰੇ ਵੀ ਭਰਪੂਰ ਚਾਨਣਾ ਪਾਇਆ | ਉਨ੍ਹਾਂ ਅਕਾਲ ਕਾਲਜ ਕੌਂਸਲ ਵੱਲੋਂ ਸਭਿਆਚਾਰਕ ਮੇਲੇ ਕਰਵਾਏ ਜਾਣ ਦੀ ਭਰਭੂਰ ਪ੍ਰਸ਼ੰਸਾ ਕੀਤੀ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸਤਨਾਮ ਸਿੰਘ ਪੰਜਾਬੀ ਵੱਲੋਂ ਸ਼ਾਇਰੋ ਸ਼ਾਇਰੀ ਨਾਲ ਬਾਖ਼ੂਬੀ ਕਰਨ ਉਪਰੰਤ ਆਏ ਮਹਿਮਾਨਾਂ ਨੂੰ ਲੋਈਆਂ ਅਤੇ ਯਾਦਗਾਰ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ |