ਧੂਰੀ, 2 ਨਵੰਬਰ (ਲਖਵੀਰ ਸਿੰਘ ਧਾਂਦਰਾ)-ਜ਼ਿਲ੍ਹਾ ਪੁਲਿਸ ਮੁਖੀ ਸ:ਸਰਤਾਜ ਸਿੰਘ ਚਾਹਲ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਨੈਸ਼ਨਲ ਕਮਿਸ਼ਨ ਫ਼ਾਰ ਏਅਰ ਕਵਾਲਿਟੀ ਮੈਨੇਜਮੈਂਟ ਨਵੀ ਦਿੱਲੀ ਵਲੋਂ ਜੀਰੀ ਦੇ ਨਾੜ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਦਿੱਤੇ ਗਏ ਹੁਕਮਾ ਦੀ ਪਾਲਣਾ ਕਰਨ ਲਈ ਸਬ ਡਵੀਜ਼ਨ ਧੂਰੀ ਦੇ ਡੀ.ਐੱਸ.ਪੀ ਰਣਬੀਰ ਸਿੰਘ ਵਲੋਂ ਕਿਸਾਨਾਂ ਨੂੰ ਜੀਰੀ ਦੇ ਨਾੜ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਵੇਲਰ ਰਾਹੀਂ ਨਾੜ ਦੀਆ ਗੱਠਾ ਬਣਾਉਣ ਸਬੰਧੀ ਪ੍ਰੇਰਿਤ ਕਰਨ ਲਈ ਲਗਾਤਾਰ ਮੀਟਿੰਗਾਂ ਕੀਤੀਆ ਜਾ ਰਹੀਆ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਰਣਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਥਾਣਾ ਸਦਰ ਧੂਰੀ ਦੇ ਏਰੀਆ ਵਿਚ 50 ਅਤੇ ਥਾਣਾ ਸ਼ੇਰਪੁਰ ਦੇ ਏਰੀਆ ਵਿਚ 30 ਅਤੇ ਥਾਣਾ ਸਿਟੀ ਧੂਰੀ ਦੇ ਏਰੀਆ ਵਿਚ 2 ਪਬਲਿਕ ਮੀਟਿੰਗਾਂ ਕਰ ਕੇ ਪਿੰਡਾ ਦੀਆ ਪੰਚਾਇਤਾਂ ਅਤੇ ਕਿਸਾਨਾਂ ਨੂੰ ਝੋਨੇ ਦੇ ਨਾੜ ਨੂੰ ਅੱਗ ਲਗਾਉਣ ਤੋਂ ਰੋਕਣ ਸਬੰਧੀ ਜਾਗਰੂਕ ਕੀਤਾ ਗਿਆ ਹੈ | ਇਸ ਤੋਂ ਇਲਾਵਾ ਮੁੱਖ ਅਫ਼ਸਰ ਥਾਣਾ ਅਤੇ ਜੇਲ੍ਹ ਅਫ਼ਸਰ ਦੀਆਂ ਟੀਮਾਂ ਬਣਾ ਕੇ ਹਰ ਰੋਜ ਫ਼ੀਲਡ ਵਿਚ ਭੇਜੀਆਂ ਜਾ ਰਹੀਆ ਹਨ ਹੁਣ ਤੱਕ ਝੋਨੇ ਦੀ ਨਾੜ ਨੂੰ ਅੱਗ ਲਗਾਉਣ ਦੀ ਘਟਨਾ ਸਬੰਧੀ ਕਲਸਟਰ ਅਫ਼ਸਰ ਵਲੋਂ ਪ੍ਰਾਪਤ ਹੋਈਆ ਰਿਪੋਰਟਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਧੂਰੀ ਦੇ ਪਿੰਡ ਰੰਗੀਆ ਦੇ 2 ਕਿਸਾਨਾਂ, ਥਾਣਾ ਸ਼ੇਰਪੁਰ ਦੇ ਏਰੀਆ ਦੇ ਪਿੰਡ ਈਨਾ ਵਾਜਵਾ ਦੇ 3 ਕਿਸਾਨਾਂ, ਪਿੰਡ ਗੁਰਬਖਸਪੁਰਾ ਦੇ 1 ਕਿਸਾਨ, ਪਿੰਡ ਭੜੀ ਦੇ 1 ਕਿਸਾਨ ਅਤੇ ਪਿੰਡ ਟਿੱਬਾ ਦੇ 1 ਕਿਸਾਨ ਅਤੇ ਕੁੱਲ 10 ਕਿਸਾਨਾਂ 'ਤੇ ਹੁਣ ਤੱਕ 10 ਮੁਕੱਦਮੇ ਜੇਰੇ ਧਾਰਾ 223 ਬੀ.ਐਨ.ਐੱਸ ਤਹਿਤ ਦਰਜ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਕਿਸਾਨਾਂ ਨੂੰ ਝੋਨੇ ਦੀ ਨਾੜ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ | ਕਿਸਾਨਾਂ ਨੂੰ ਮੀਡੀਆ ਰਾਹੀ ਵੀ ਅਪੀਲ ਕੀਤੀ ਜਾਦੀ ਹੈ ਕਿ ਝੋਨੇ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਰੱਖ ਕੇ ਮਨੁੱਖੀ ਜੀਵਨ ਨੂੰ ਸੁਰੱਖਿਅਤ ਬਣਾਇਆ ਜਾ ਸਕੇ |