ਅਮਰਗੜ੍ਹ, 2 ਨਵੰਬਰ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਹਲਕਾ ਅਮਰਗੜ੍ਹ ਅੰਦਰ ਵਿਕਾਸ ਕਾਰਜਾਂ ਦੀ ਚੱਲ ਰਹੀ ਲੜੀ 'ਚ ਇੱਕ ਹੋਰ ਅਹਿਮ ਸਫ਼ਲਤਾ ਜੋੜਦਿਆਂ ਵਿਧਾਇਕ ਪ੍ਰੋਫ਼ੈਸਰ ਜਸਵੰਤ ਸਿੰਘ ਗੱਜਣਮਾਜਰਾ ਵਲੋਂ ਹਲਕੇ 'ਚ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਵੱਖ-ਵੱਖ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ | ਮੀਡੀਆ ਨਾਲ ਗੱਲਬਾਤ ਦੌਰਾਨ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਦੀਆਂ ਲੰਮੇ ਸਮੇਂ ਤੋਂ ਬਾਕੀ ਮੰਗਾਂ ਨੂੰ ਤਰਜ਼ੀਹ ਦੇ ਕੇ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਜਾਣਕਾਰੀ ਦਿੱਤੀ ਕਿ ਪਿੰਡ ਬਾਠਾਂ ਅਤੇ ਪਿੰਡ ਬੇਗੋਵਾਲ ਵਿਚ ਆਧੁਨਿਕ ਟਰੀਟਮੈਂਟ ਪਲਾਂਟ ਸ਼ੁਰੂ ਹੋ ਚੁੱਕੇ ਹਨ ਤੇ ਜਿੱਤਵਾਲ ਤੋਂ ਖ਼ੁਰਦ ਅਤੇ ਪਿੰਡ ਭੋਗੀਵਾਲ ਤੋਂ ਮਤੋਈ ਸੜਕਾਂ ਦੀ ਨਵੀਂ ਉਸਾਰੀ, ਪਿੰਡ ਰੁੜਕੀ ਕਲਾਂ, ਲਸੋਈ ਅਤੇ ਮੋਹਾਲੀ 'ਚ ਆਂਗਣਵਾੜੀ ਸੈਂਟਰਾਂ ਦੀਆਂ ਨਵੀਆਂ ਇਮਾਰਤਾਂ ਬਣਾ ਕੇ ਬੱਚਿਆਂ ਅਤੇ ਮਹਿਲਾਵਾਂ ਲਈ ਬਿਹਤਰ ਸਹੂਲਤਾਂ ਯਕੀਨੀ ਕੀਤੀਆਂ ਗਈਆਂ ਹਨ | ਲਸੋਈ 'ਚ ਬਣਿਆ ਖੇਡ ਮੈਦਾਨ ਨੌਜਵਾਨਾਂ ਨੂੰ ਖੇਡਾਂ ਵਲ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ | ਬਾਗੜੀਆਂ 'ਚ ਬਰਮਾ ਤੇ ਇੰਟਰਲਾਕ ਟਾਈਲਾਂ, ਹੈਲਥ ਵਰਕਰ ਸੈਂਟਰ ਤੇ ਪੰਚਾਇਤ ਘਰ ਦਾ ਉਦਘਾਟਨ ਵੀ ਕੀਤਾ ਗਿਆ | ਵਿਧਾਇਕ ਗੱਜਣਮਾਜਰਾ ਨੇ ਦੱਸਿਆ ਕਿ ਬੇਗੋਵਾਲ ਅਤੇ ਲਸੋਈ ਦੇ ਖੇਡ ਮੈਦਾਨ ਅਤੇ ਜਿੱਤਵਾਲ ਸੜਕ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ ਤਾਂ ਜੋ ਇਹ ਪ੍ਰੋਜੈਕਟ ਜਲਦੀ ਜਨਤਾ ਦੀ ਵਰਤੋਂ 'ਚ ਆ ਸਕਣ | ਭਵਿੱਖੀ ਯੋਜਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਟਰੈਫ਼ਿਕ ਸਮੱਸਿਆ ਤੋਂ ਹਲਕੇ ਨੂੰ ਪੂਰੀ ਤਰ੍ਹਾਂ ਛੁਟਕਾਰਾ ਦਿਵਾਉਣ ਵਾਸਤੇ ਅਮਰਗੜ੍ਹ ਬਾਈਪਾਸ ਬਣਾਉਣ ਦੀ ਕਾਗ਼ਜ਼ੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਤੇ ਜਲਦ ਹੀ ਇਹ ਪ੍ਰੋਜੈਕਟ ਵੀ ਸ਼ੁਰੂ ਕੀਤਾ ਜਾਵੇਗਾ | ਇਸ ਦੇ ਨਾਲ ਨਵੇਂ ਜੋੜੇ ਪੁਲਾਂ ਦੀ ਉਸਾਰੀ, ਸੜਕਾਂ ਦਾ ਨਵੀਨੀਕਰਨ ਤੇ ਸਿੰਚਾਈ ਪਾਣੀ ਪ੍ਰੋਜੈਕਟਾਂ ਲਈ ਵੱਡੇ ਪੱਧਰ ਤੇ ਅਮਰਗੜ੍ਹ ਹਲਕੇ 'ਚ ਕੰਮ ਸ਼ੁਰੂ ਹੋਣ ਜਾ ਰਿਹਾ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਹਲਕੇ ਵਿਚ ਕੋਈ ਵੀ ਪਿੰਡ ਵਿਕਾਸ ਤੋਂ ਵੰਜਿਤ ਨਹੀਂ ਰਹਿਣ ਦਿੱਤਾ ਜਾਵੇਗਾ ਤੇ ਲੋਕਾਂ ਦੀਆਂ ਹਰ ਜਾਇਜ਼ ਮੰਗਾਂ ਨੂੰ ਤਰਜੀਹ ਦਿੰਦਿਆਂ ਕੰਮ ਜਾਰੀ ਰਹੇਗਾ | ਇਸ ਮੌਕੇ ਵਿਧਾਇਕ ਦੇ ਨਿੱਜੀ ਸਕੱਤਰ ਰਾਜੀਵ ਕੁਮਾਰ ਤੋਂਗਾਹੇੜੀ, ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ, ਸਰਪੰਚ ਮਨਪ੍ਰੀਤ ਸਿੰਘ ਮਨੀ ਨੰਗਲ, ਬਲਾਕ ਪ੍ਰਧਾਨ ਜਰਨੈਲ ਸਿੰਘ ਟਿਵਾਣਾ ਲਸੋਈ, ਸਾਬਕਾ ਸਰਪੰਚ ਦਲਜੀਤ ਸਿੰਘ ਲਸੋਈ, ਐੱਸ.ਡੀ.ਓ ਦਵਿੰਦਰ ਸਿੰਘ, ਸੈਕਟਰੀ ਹਰਪ੍ਰੀਤ ਸਿੰਘ, ਸਰਪੰਚ ਬੀਰਇੰਦਰ ਸਿੰਘ, ਕੋਆਰਡੀਨੇਟਰ ਗੁਰਜੀਤ ਸਿੰਘ ਰਾਮਪੁਰ ਛੰਨਾ, ਸੁਖਵਿੰਦਰ ਸਿੰਘ ਸੁੱਖਾ, ਜਸਮਿੰਦਰ ਸਿੰਘ ਜੱਸੀ, ਸਰਪੰਚ ਰਵਿੰਦਰ ਸਿੰਘ ਰਾਏਪੁਰ, ਬਿੱਟੂ ਬਨਭੌਰਾ ਤੇ ਸਰਪੰਚ ਪ੍ਰਭਦੀਪ ਸਿੰਘ ਸਮੇਤ ਵੱਡੀ ਗਿਣਤੀ 'ਚ 'ਆਪ' ਆਗੂ ਤੇ ਵਰਕਰ ਹਾਜ਼ਰ ਸਨ |