ਸੁਨਾਮ ਊਧਮ ਸਿੰਘ ਵਾਲਾ, 2 ਨਵੰਬਰ (ਭੁੱਲਰ, ਧਾਲੀਵਾਲ)-ਸ਼ਾਹਪੁਰ ਕਲ੍ਹਾਂ-ਚੀਮਾ ਸੜਕ 'ਤੇ ਹੋਏ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ | ਸਥਾਨਕ ਸਿਵਲ ਹਸਪਤਾਲ ਵਿਖੇ ਮਿ੍ਤਕ ਦੇ ਪੋਸਟਮਾਰਟਮ ਸਮੇਂ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਨੇਕ ਸਿੰਘ ਨੇ ਦੱਸਿਆ ਕਿ ਕਿ੍ਸ਼ਨ ਸਿੰਘ ਬਲੈਰੋ ਗੱਡੀ 'ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਸ਼ਾਹਪੁਰ ਕਲ੍ਹਾਂ ਛੱਡ ਕੇ ਵਾਪਸ ਪਿੰਡ ਉਗਰਾਹਾਂ ਪਰਤ ਰਿਹਾ ਸੀ | ਜਿਵੇਂ ਹੀ ਉਹ ਸ਼ਾਹਪੁਰ ਕਲ੍ਹਾਂ ਤੋਂ ਡੇਢ ਕਿੱਲੋਮੀਟਰ ਚੀਮਾ ਵੱਲ ਆਇਆ ਤਾਂ ਇਸ ਦੌਰਾਨ ਖੇਤ 'ਚੋਂ ਸੜਕ 'ਤੇ ਚੜ੍ਹ ਰਹੀ ਇਕ ਕੰਬਾਈਨ ਅਤੇ ਬਲੈਰੋ ਦੇ ਆਪਸ ਵਿਚ ਟਕਰਾਉਣ ਕਾਰਨ ਬਲੈਰੋ ਚਾਲਕ ਕਿ੍ਸ਼ਨ ਸਿੰਘ ਗੰਭੀਰ ਜ਼ਖਮੀ ਹੋ ਗਿਆ | ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ ਪਰ ਡਾਕਟਰਾਂ ਵਲੋਂ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਇਲਾਜ ਲਈ ਪਟਿਆਲਾ ਭੇਜ ਦਿੱਤਾ ਗਿਆ | ਜਿੱਥੇ ਇਲਾਜ ਦੌਰਾਨ ਕਿ੍ਸ਼ਨ ਸਿੰਘ (40) ਪੁੱਤਰ ਜਗਰੂਪ ਸਿੰਘ ਵਾਸੀ ਉਗਰਾਹਾਂ ਦੀ ਮੌਤ ਹੋ ਗਈ | ਸਹਾਇਕ ਥਾਣੇਦਾਰ ਨੇਕ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮਿ੍ਤਕ ਦੇ ਭਰਾ ਗੁਰਸੇਵਕ ਸਿੰਘ ਦੇ ਬਿਆਨਾਂ 'ਤੇ ਬੀ.ਐੱਨ.ਐੱਸ.ਐੱਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮਿ੍ਤਕ ਦੀ ਲਾਸ਼ ਵਾਰਸਾਂ ਨੰੂ ਸੌਂਪ ਦਿੱਤੀ ਗਈ ਹੈ |