ਛਾਜਲੀ, 2 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਇਕ ਪਾਸੇ ਸਰਕਾਰ ਵੱਲੋਂ ਪਰਾਲੀ ਸਾੜਨ 'ਤੇ ਪਾਬੰਦੀ ਲਗਾਈ ਗਈ ਹੈ, ਦੂਜੇ ਪਾਸੇ ਕਿਸਾਨਾਂ ਵੱਲੋਂ ਝੋਨੇ ਦੀ ਵਾਢੀ ਤੋਂ ਬਾਅਦ ਖੜ੍ਹੇ ਕਰਚਿਆਂ ਨੂੰ ਅੱਗ ਲਾਉਣ ਦਾ ਸਿਲਸਿਲਾ ਜਾਰੀ ਹੈ | ਬੀਤੇ ਕੱਲ੍ਹ ਛਾਜਲੀ ਵਿਖੇ ਇਕ ਕਿਸਾਨ ਆਪਣੇ ਖੇਤਾਂ ਵਿਚ ਕਰਚਿਆਂ ਨੂੰ ਅੱਗ ਲਾ ਰਿਹਾ ਸੀ, ਜਿਸ ਦੀ ਜਾਣਕਾਰੀ ਮਿਲਦੇ ਹੀ ਐੱਸ.ਐੱਚ.ਓ. ਗੁਰਮੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਪੁਲਿਸ ਕਾਰਵਾਈ ਦੇ ਵਿਰੋਧ ਵਿਚ ਕਿਸਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਤੇ ਪ੍ਰਸ਼ਾਸਨ ਦਾ ਲਗਭਗ ਇੱਕ ਘੰਟੇ ਤੱਕ ਘਿਰਾਓ ਕੀਤਾ ਗਿਆ | ਸਥਿਤੀ ਤਣਾਅਪੂਰਨ ਹੋਣ 'ਤੇ ਡੀ.ਐੱਸ.ਪੀ. ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਮੌਕੇ 'ਤੇ ਪਹੁੰਚ ਕੇ ਮਾਮਲੇ ਨੂੰ ਕਾਬੂ ਕੀਤਾ | ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਆਜ਼ਾਦ) ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਸੰਤ ਰਾਮ ਛਾਜਲੀ ਅਤੇ ਜਸਵੀਰ ਸਿੰਘ ਮੇਦੇਵਾਸ ਨੇ ਕਿਹਾ ਕਿ ਕਿਸਾਨਾਂ ਵੱਲੋਂ ਪਰਾਲੀ ਸਾੜਨਾ ਕੋਈ ਸ਼ੌਂਕ ਨਹੀਂ, ਸਗੋਂ ਮਜਬੂਰੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਇੱਕ ਨਵੰਬਰ ਤੋਂ ਕਣਕ ਦੀ ਬਿਜਾਈ ਦੀ ਆਗਿਆ ਦੇ ਦਿੱਤੀ ਹੈ, ਪਰ ਪਿੰਡ ਛਾਜਲੀ ਦਾ ਰਕਬਾ ਵੱਡਾ ਹੋਣ ਤੇ ਬੇਲਰਾਂ ਦੀ ਕਮੀ ਕਾਰਨ ਕਿਸਾਨਾਂ ਕੋਲ ਹੋਰ ਕੋਈ ਵਿਕਲਪ ਨਹੀਂ | ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਸਿਰਫ਼ 'ਡਰਾਮੇਬਾਜ਼ੀ' ਹੈ, ਕਿਉਂਕਿ ਕੌਆਪਰੇਟਿਵ ਸੁਸਾਇਟੀ ਕੋਲ ਵੀ ਬੇਲਰ ਨਹੀਂ ਹਨ | ਉਨ੍ਹਾਂ ਮੰਗ ਕੀਤੀ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਮਾਮਲੇ ਨਾ ਦਰਜ ਕੀਤੇ ਜਾਣ ਤੇ ਨਾ ਹੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਵੇ | ਇਸ ਮੌਕੇ ਭੋਲਾ ਸਿੰਘ ਛਾਜਲੀ, ਦਰਸ਼ਨ ਸਿੰਘ ਮੀਤਾ, ਸ਼ੇਰਾ ਸਿੰਘ, ਗੋਕਲ ਰਾਮ ਪੰਡਿਤ, ਕਿ੍ਸ਼ਨ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਆਗੂ ਮੌਜੂਦ ਸਨ | ਦੂਜੇ ਪਾਸੇ ਡੀਐਸਪੀ ਡਾ. ਰੁਪਿੰਦਰ ਕੌਰ ਬਾਜਵਾ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ 'ਤੇ ਗੰਭੀਰ ਪ੍ਰਭਾਵ ਪੈਂਦਾ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਵਿਚ ਅੱਗ ਨਾ ਲਗਾਉਣ ਅਤੇ ਪ੍ਰਸ਼ਾਸਨ ਵੱਲੋਂ ਉਪਲਬਧ ਬੇਲਰਾਂ ਦੀ ਵਰਤੋਂ ਕਰਨ | ਡੀਐਸਪੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਕਿਸਾਨ ਫਿਰ ਵੀ ਨਿਰਦੇਸ਼ਾਂ ਦੀ ਉਲੰਘਣਾ ਕਰੇਗਾ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |