ਛਾਜਲੀ, 2 ਨਵੰਬਰ (ਅਜਾਇਬ ਸਿੰਘ ਨੀਲੋਵਾਲ)-ਪਰਾਲੀ ਸਾੜਨ ਖ਼ਿਲਾਫ਼ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਛਾਜਲੀ ਹਲਕੇ ਵਿਚ ਦੋ ਵੱਖ-ਵੱਖ ਮਾਮਲਿਆਂ ਵਿਚ ਕਿਸਾਨਾਂ ਖ਼ਿਲਾਫ਼ ਧਾਰਾ 223 ਭਾਰਤੀ ਨਿਆਂ ਸੰਹਿਤਾ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ | ਪਹਿਲਾ ਮਾਮਲਾ ਪਿੰਡ ਛਾਜਲੀ 'ਚ 4 ਕਨਾਲ 17 ਮਰਲੇ ਰਕਬੇ ਵਿਚ ਪਰਾਲੀ ਸਾੜਨ ਦਾ ਹੈ | ਇਸ ਸਬੰਧੀ ਕਲੱਸਟਰ ਅਫ਼ਸਰ ਕਮ ਉਪ ਮੰਡਲ ਅਫ਼ਸਰ ਜਲ ਨਿਕਾਸ ਸੁਨਾਮ ਪ੍ਰੀਤਇੰਦਰ ਸਿੰਘ ਵੱਲੋਂ ਕਾਰਵਾਈ ਲਈ ਇਕ ਪੱਤਰ ਮੁੱਖ ਅਫ਼ਸਰ ਥਾਣਾ ਛਾਜਲੀ ਨੂੰ ਭੇਜਿਆ ਗਿਆ | ਜਾਂਚ ਦੌਰਾਨ ਸਬ ਇੰਸਪੈਕਟਰ ਜਤਿੰਦਰ ਮਿੱਤਲ ਨੇ ਲੀਲਾ ਸਿੰਘ ਪੁੱਤਰ ਚੂਹੜ ਰਾਮ ਪੁੱਤਰ ਮੋਤੀ ਰਾਮ ਵਾਸੀ ਛਾਜਲੀ ਵਿਰੁੱਧ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ | ਦੂਜਾ ਮਾਮਲਾ ਵੀ ਉਸੇ ਦਿਨ 4 ਕਨਾਲ 4 ਮਰਲੇ ਰਕਬੇ ਵਿਚ ਪਰਾਲੀ ਸਾੜਨ ਸਬੰਧੀ ਦਰਜ ਕੀਤਾ ਗਿਆ | ਇਸ ਸਬੰਧੀ ਪੱਤਰ ਨੰਬਰ ਸਹਾਇਕ ਥਾਣੇਦਾਰ ਦਰਸਨ ਸਿੰਘ ਵੱਲੋਂ ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਛਾਜਲੀ ਖਿਲਾਫ਼ ਕੇਸ ਦਰਜ ਕੀਤਾ ਗਿਆ | ਦੋਹਾਂ ਮਾਮਲਿਆਂ ਵਿਚ ਨੋਡਲ ਅਫ਼ਸਰ ਅਤੇ ਪਟਵਾਰੀ ਦੀਆਂ ਰਿਪੋਰਟਾਂ, ਚਲਾਣਾਂ ਦੀਆਂ ਕਾਪੀਆਂ ਨਾਲ ਸਬੂਤ ਪੇਸ਼ ਕੀਤੇ ਗਏ ਹਨ | ਪੁਲਿਸ ਵੱਲੋਂ ਕੰਟਰੋਲ ਰੂਮ ਸੰਗਰੂਰ ਨੂੰ ਈਮੇਲ ਰਾਹੀਂ ਜਾਣਕਾਰੀ ਦਿੱਤੀ ਗਈ ਹੈ | ਥਾਣਾ ਮੁਖੀ ਗੁਰਮੀਤ ਸਿੰਘ ਨੇ ਸਖ਼ਤ ਚੇਤਾਵਨੀ ਦਿੱਤੀ ਗਈ ਹੈ ਕਿ ਪਰਾਲੀ ਸਾੜਨ ਦੀ ਕੋਈ ਵੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਾਨੂੰਨੀ ਕਾਰਵਾਈ ਬਿਨ੍ਹਾਂ ਕਿਸੇ ਛੋਟ ਦੇ ਕੀਤੀ ਜਾਵੇਗੀ |