ਅਮਰਗੜ੍ਹ, 2 ਨਵੰਬਰ (ਪਵਿੱਤਰ ਸਿੰਘ)-ਹਾਕੀ ਦੀ ਨਰਸਰੀ ਵਜੋਂ ਪ੍ਰਸਿੱਧ ਹੋਈ ਵਿੱਦਿਅਕ ਸੰਸਥਾ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਵਿਖੇ ਵਿਰਸਾ ਸੰਭਾਲ ਸਰਦਾਰੀ ਲਹਿਰ ਤੇ ਵਰਲਡ ਸਿੱਖ ਅਲਾਇੰਸ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ ਚਲਾਈ ਜਾ ਰਹੀ 'ਆਓ ਦਸਤਾਰਾਂ ਸਜਾਈਏ' ਮੁਹਿੰਮ ਤਹਿਤ ਲੰਮੇ ਕੇਸ ਤੇ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ | ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਸ ਪ੍ਰੋਗਰਾਮ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੀਫ਼ ਐਡਵਾਈਜ਼ਰ ਅਮਨਦੀਪ ਸਿੰਘ ਰਤਨ ਨੇ ਦੱਸਿਆ ਕਿ ਲੰਮੇ ਕੇਸ ਤੇ ਦਸਤਾਰ ਮੁਕਾਬਲੇ 'ਚ 300 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਜੇਤੂ ਬੱਚਿਆਂ ਨੂੰ ਸਕੂਲ ਪਿ੍ੰਸੀਪਲ ਇਸ਼ਤਾ ਅਰੋੜਾ ਅਤੇ ਸੰਸਥਾ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖ਼ੁਰਦ ਵਲੋਂ ਦਸਤਾਰਾਂ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਸਾਰੇ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਤੇ ਮੈਡਲ ਦਿੱਤੇ ਗਏ | ਸਕੂਲ ਪਿ੍ੰਸੀਪਲ ਮੈਡਮ ਇਸ਼ਤਾ ਅਰੋੜਾ ਨੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਵਲੋਂ ਇਸ ਤਰਾਂ ਦੇ ਉਪਰਾਲੇ ਭਵਿੱਖ ਵਿਚ ਵੀ ਜਾਰੀ ਰਹਿਣਗੇ | ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਸਕੂਲ ਦੇ ਸੈਕਟਰੀ ਸੁਖਵੀਰ ਸਿੰਘ ਬਿੱਟੂ ਨੇ ਕਿਹਾ ਕਿ ਬੱਚਿਆਂ ਨੂੰ ਦਸਤਾਰ ਪ੍ਰਤੀ ਜਾਗਰੂਕ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਪੂਰੀ ਦੁਨੀਆ ਅੰਦਰ ਦਸਤਾਰ ਨਾਲ ਹੀ ਸਾਨੂੰ ਵੱਖਰੀ ਪਹਿਚਾਣ ਮਿਲਦੀ ਹੈ | ਇਸ ਮੌਕੇ ਇੰਟਰਨੈਸ਼ਨਲ ਦਸਤਾਰ ਕੋਚ ਹਰਵਿੰਦਰ ਸਿੰਘ ਅਮਰਗੜ, ਅਰਸਜੋਤ ਸਿੰਘ ਬੱਲ, ਮਨਜੀਤ ਸਿੰਘ ਖਾਲਸਾ, ਪ੍ਰਭਪਿੰੰਦਰ ਸਿੰਘ ਬਾਠਾਂ, ਧਰਮਿੰਦਰ ਸਿੰਘ, ਸੁਖਜਿੰਦਰ ਸਿੰਘ ਤੋਂ ਇਲਾਵਾ ਸਕੂਲ ਦਾ ਸਟਾਫ ਮੌਜੂਦ ਰਿਹਾ |