ਲੌਂਗੋਵਾਲ, 22 ਨਵੰਬਰ (ਵਿਨੋਦ, ਖੰਨਾ) - ਸ੍ਰੀ ਗੁਰੂ ਤੇਗ ਬਹਾਦਰ ਜੀ, ਸ਼ਹੀਦ ਭਾਈ ਮਤੀ ਦਾਸ ਸ਼ਹੀਦ ਭਾਈ ਸਤੀ ਦਾਸ ਅਤੇ ਸ਼ਹੀਦ ਭਾਈ ਦਿਆਲਾ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਨਲ ਨਿਤਿਨ ਭਾਟੀਆ ਮੈਮੋਰੀਅਲ ਟਰੱਸਟ ਕੈਨੇਡਾ ਵਲੋਂ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈੱਲਫੇਅਰ ਸੋਸਾਇਟੀ, ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਪ੍ਰਬੰਧਕ ਕਮੇਟੀ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਸੁਖਮਨੀ ਸੋਸਾਇਟੀ, ਉੱਨਤ ਭਾਰਤ ਅਭਿਆਨ ਸਲਾਇਟ, ਹਰੀਹਰ ਹਸਪਤਾਲ ਲੌਂਗੋਵਾਲ, ਬਰਾਸ਼ ਫਾਉਂਡੇਸ਼ਨ ਅਤੇ ਪਾਵਣਯੋਗ ਮੇਕ ਬੈਟਰ ਫਾਉਂਡੇਸ਼ਨ ਦੇ ਸਹਿਯੋਗ ਨਾਲ ਅੱਖਾਂ ਦਾ ਵਿਸ਼ਾਲ ਮੁਫ਼ਤ ਕੈਂਪ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਜੀ ਲੌਂਗੋਵਾਲ ਵਿਖੇ ਲਾਇਆ ਗਿਆ | ਇਸ ਕੈਂਪ ਵਿਚ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਕੈਂਪ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਵਡਭਾਗੇ ਹਨ ਸ਼ਹੀਦਾਂ ਦੀ ਧਰਤੀ ਲੌਂਗੋਵਾਲ 'ਤੇ ਪੁੱਜੇ ਹਨ | ਪ੍ਰਬੰਧਕਾਂ ਵਲੋਂ ਮਹਾਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ਼ਹੀਦ ਸਾਥੀਆਂ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਅੱਖਾਂ ਦਾ ਵਿਸ਼ਾਲ ਕੈਂਪ ਲਾਇਆ ਗਿਆ ਹੈ ਜਿਸ ਦੇ ਲਈ ਵਧਾਈ ਦੇ ਪਾਤਰ ਹਨ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਸਮੁੱਚਾ ਫ਼ਲਸਫ਼ਾ, ਸੇਵਾ, ਸੱਚਾਈ ਅਤੇ ਆਜ਼ਾਦੀ ਲਈ ਪ੍ਰਣਾਇਆ ਹੋਇਆ ਹੈ | ਸਮੁੱਚੀ ਕਾਇਨਾਤ 'ਚ ਉਨ੍ਹਾਂ ਦੀ ਵਿਲੱਖਣ ਸ਼ਹਾਦਤ ਦੀ ਕੋਈ ਮਿਸਾਲ ਨਹੀਂ ਹੈ | ਜਿੱਥੇ ਮਕਦੂਲ ਕਿਸੇ ਹੋਰ ਦੇ ਧਰਮ ਦੇ ਬਚਾਓ ਲਈ ਖ਼ੁਦ ਕਿਸੇ ਕਾਤਲ ਕੋਲ ਕੁਰਬਾਨੀ ਲਈ ਗਿਆ ਹੋਵੇ | ਇਸ ਦੌਰਾਨ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਵਰਕਰਾਂ ਵਲੋਂ ਸਪੀਕਰ ਸੰਧਵਾਂ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ | ਕੈਂਪ ਦੇ ਪ੍ਰਬੰਧਕ ਕਮਲਜੀਤ ਸਿੰਘ ਵਿੱਕੀ ਨੇ ਬਾਬਾ ਫਰੀਦ ਸੰਸਥਾ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ 500 ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ ਜਿਸ ਵਿਚ 300 ਮਰੀਜ਼ਾਂ ਨੂੰ ਐਨਕਾਂ ਦਿੱਤੀਆਂ ਗਈਆਂ ਅਤੇ 100 ਦੇ ਕਰੀਬ ਮਰੀਜ਼ਾਂ ਦੀ ਆਪਰੇਸ਼ਨ ਲਈ ਚੋਣ ਕੀਤੀ ਗਈ ਹੈ | ਇਸ ਮੌਕੇ ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ, ਬਲਵਿੰਦਰ ਸਿੰਘ ਢਿੱਲੋਂ, ਸੰਜੀਵ ਕੁਮਾਰ ਸੰਜੂ, ਯੋਗੇਸ਼ ਭਾਟੀਆ, ਪ੍ਰੋਫੈਸਰ ਪੀ. ਕੇ. ਜੈਨ, ਸਰਪੰਚ ਨਿਹਾਲ ਸਿੰਘ, ਸਰਪੰਚ ਭੀਮ ਦਾਸ ਬਾਵਾ, ਸਰਪੰਚ ਦਰਸ਼ਨ ਸਿੰਘ, ਗੁਰਜੰਟ ਖਾਂ, ਬਲਕਾਰ ਸਿੰਘ, ਮੇਲਾ ਸਿੰਘ ਸੂਬੇਦਾਰ, ਰਾਜ ਸਿੰਘ ਰਾਜੂ, ਅੰਮਿ੍ਤਪਾਲ ਸਿੰਘ ਸਿੱਧੂ, ਪ੍ਰੋ. ਮਨੋਜ ਗੋਇਲ, ਕੁਲਦੀਪ ਸਿੰਘ ਸ਼ੇਰੋਂ, ਵਿੱਕੀ ਵਸ਼ਿਸ਼ਟ ਹਾਜ਼ਰ ਸਨ | ਇਸ ਕੈਂਪ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ਼ ਵਿਨਰਜੀਤ ਸਿੰਘ ਗੋਲਡੀ ਨੇ ਵੀ ਹਾਜ਼ਰੀ ਲਵਾਈ |