ਖਨੌਰੀ, 5 ਦਸੰਬਰ (ਬਲਵਿੰਦਰ ਸਿੰਘ ਥਿੰਦ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਰਾਜ ਸਿੰਘ ਥੇੜ੍ਹੀ ਨੂੰ ਸਵੇਰੇ ਤੜਕੇ ਕਰੀਬ ਪੰਜ ਵਜੇ ਪੰਜਾਬ ਪੁਲਿਸ ਉਨ੍ਹਾਂ ਦੇ ਘਰੋਂ ਸ਼ਾਹਪੁਰ ਥੇੜ੍ਹੀ ਤੋਂ ਲੈ ਗਈ | ਜ਼ਿਕਰਯੋਗ ਹੈ ਕਿ ਕਿਸਾਨ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਸਬੰਧ ਵਿਚ 5 ਦਸੰਬਰ ਨੂੰ ਪੰਜਾਬ ਭਰ ਵਿਚ ਦੋ ਘੰਟੇ ਲਈ ਰੇਲਾਂ ਰੋਕਣ ਦਾ ਸੱਦਾ ਦਿੱਤਾ ਹੋਇਆ ਸੀ ਪਰ ਸਵੇਰੇ ਤੜਕੇ ਹੀ ਪੁਲਿਸ ਵਲੋਂ ਉਨ੍ਹਾਂ ਨੂੰ ਘਰੋਂ ਚੁੱਕ ਲਿਆ | ਪੁਲਿਸ ਵਲੋਂ ਲਿਜਾਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਪ੍ਰਤੀ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਤੇ ਜਿਨ੍ਹਾਂ ਮਰਜ਼ੀ ਜਬਰ ਕਰ ਲਵੇ ਕਿਸਾਨ ਜਥੇਬੰਦੀਆਂ ਇਨ੍ਹਾਂ ਜਬਰਾਂ ਤੇ ਧੱਕੇਸ਼ਾਹੀਆਂ ਤੋਂ ਡਰਨ ਵਾਲੇ ਨਹੀਂ ਹਨ ਤੇ ਉਹ ਕਿਸਾਨੀ ਮੰਗਾਂ ਲਈ ਲਗਾਤਾਰ ਸੰਘਰਸ਼ ਕਰਦੇ ਰਹਿਣਗੇ | ਉਨ੍ਹਾਂ ਕਿਹਾ ਕਿ ਨਿੱਜੀਕਰਨ ਦੀ ਨੀਤੀ ਤਹਿਤ ਲਿਆਂਦਾ ਗਿਆ ਬਿਜਲੀ ਸੋਧ ਬਿੱਲ 2025 ਦਾ ਖਰੜਾ ਰੱਦ ਕਰ ਕੇ 1948 ਦਾ ਲੋਕ ਪੱਖੀ ਬਿਜਲੀ ਐਕਟ ਲਾਗੂ ਕਰੇ, ਸਰਕਾਰ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਲੱਗੇ ਮੋਰਚੇ ਤੇ ਕਿਸਾਨਾਂ ਦੇ ਕੀਤੇ ਗਏ ਨੁਕਸਾਨ ਦੀ ਤੁਰੰਤ ਭਰਪਾਈ ਕਰੇ, ਪਰਾਲੀ ਸਾੜਨ ਦੇ ਸਬੰਧ ਵਿਚ ਕੀਤੇ ਗਏ ਪਰਚੇ ਅਤੇ ਜੁਰਮਾਨਿਆਂ ਨੂੰ ਰੱਦ ਕਰੇ, ਕਿਸਾਨ ਆਗੂਆਂ ਤੇ ਸਾਰੇ ਰੇਲਵੇ ਦੇ ਅਤੇ ਹੋਰ ਪਾਏ ਗਏ ਪਰਚਿਆਂ ਨੂੰ ਰੱਦ ਕਰੇ, ਨਾਭੇ ਵਿਚ ਟਰਾਲੀ ਚੋਰੀਆਂ ਨੂੰ ਲੈ ਕੇ ਦੋਸ਼ੀਆਂ ਤੇ ਸਖਤ ਕਾਰਵਾਈ ਕਰੇ ਅਤੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਸਲਾਖ਼ਾਂ ਪਿੱਛੇ ਕਰੇ, ਇਹਨਾਂ ਸਾਰੀਆਂ ਮੰਗਾਂ ਨੂੰ ਲਾਗੂ ਕਰਵਾਉਣ ਨੂੰ ਲੈ ਕੇ ਹੀ ਅੱਜ ਦੋ ਘੰਟੇ ਲਈ ਰੇਲਾਂ ਰੋਕਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ | ਰਾਜ ਸਿੰਘ ਥੇੜ੍ਹੀ ਨੇ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਸਰਕਾਰ ਇਸ ਭੁਲੇਖੇ ਵਿਚ ਨਾ ਰਹੇ ਕਿਸਾਨਾਂ ਦੀ ਆਵਾਜ਼ ਨਾ ਕਦੇ ਦੱਬੀ ਹੈ ਤੇ ਨਾ ਹੀ ਕਦੇ ਦੱਬੇਗੀ ਤੇ ਕਿਸਾਨ ਆਪਣੇ ਹੱਕ ਲੈ ਕੇ ਰਹਿਣਗੇ ਤੇ ਆਪਣੀਆਂ ਮੰਗਾਂ ਮੰਗਵਾ ਕੇ ਰਹਿਣਗੇ |