ਸੰਗਰੂਰ, 6 ਦਸੰਬਰ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੰੂ ਲੈ ਕੇ ਸਿੰਗਲਾ ਨਿਵਾਸ ਵਿਖੇ ਕਾਂਗਰਸ ਦੇ ਸਰਗਰਮ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਨੰੂ ਸੰਬੋਧਨ ਕਰਦਿਆ ਸਾਬਕਾ ਕੈਬਨਿਟ ਮੰਤਰੀ ਅਤੇ ਕੁੱਲ ਹਿੰਦ ਕਾਂਗਰਸ ਦੇ ਖ਼ਜ਼ਾਨਚੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਇਹ ਚੋਣਾਂ ਸਾਡੇ ਪਿੰਡਾਂ ਦੇ ਵਿਕਾਸ ਲਈ ਮਹੱਤਵਪੂਰਨ ਮੌਕਾ ਹਨ | ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਉਮੀਦਵਾਰਾਂ, ਸੰਗਰੂਰ ਭਵਾਨੀਗੜ੍ਹ ਦੇ ਬਲਾਕ ਪ੍ਰਧਾਨਾਂ, ਕੌਂਸਲਰਾਂ, ਆਗੂਆਂ ਦੀ ਭਰਵੀਂ ਇਕੱਤਰਤਾ ਨੰੂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਕਾਂਗਰਸ ਪਾਰਟੀ ਸੇਵਾ ਕਰ ਰਹੀ ਸੀ, ਸੰਗਰੂਰ ਵਿਕਾਸ ਦੇ ਹਰ ਖੇਤਰ ਵਿਚ ਮੋਹਰੀ ਸੀ ਪਰ ਪਿਛਲੇ 4 ਸਾਲਾਂ ਤੋਂ ਵਿਕਾਸ ਕਾਰਜਾਂ ਦਾ ਪੱਹਈਆ ਪੂਰੀ ਤਰ੍ਹਾਂ ਰੁਕਿਆ ਪਿਆ ਹੈ ਅਤੇ ਆਪ ਸਰਕਾਰ ਕੇਵਲ ਬਿਆਨਬਾਜ਼ੀ ਤੱਕ ਹੀ ਸੀਮਿਤ ਹੈ | ਭਾਵੁਕ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਵੋਟਰ ਇਹ ਗੱਲ ਭਲੀਭਾਂਤ ਸਮਝਣ ਕਿ ਤੁਸੀ ਕਿਸ ਦੇ ਹੱਥਾਂ ਵਿਚ ਹਲਕੇ ਦਾ ਵਿਕਾਸ ਸੌਂਪਣਾ ਚਾਹੁੰਦੇ ਹੋ, ਵਿਕਾਸ ਕਰਨ ਵਾਲਿਆ ਦੇ ਹੱਥ ਜਾਂ ਵਿਕਾਸ ਰੋਕਣ ਵਾਲਿਆ ਦੇ ਹੱਥ ਵਾਗਡੋਰ ਦੇ ਰਹੇ ਹੋ | ਵਰਕਰਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਸਿੰਗਲਾ ਨੇ ਕਿਹਾ ਕਿ ਵਰਕਰਾਂ ਵਿਚ ਜੋ ਉਤਸ਼ਾਹ ਹੈ ਉਹ ਇਹ ਸਾਬਤ ਕਰਦਾ ਹੈ ਕਿ ਅਸੀਂ ਸਿਰਫ਼ ਚੋਣਾਂ ਲੜਨ ਲਈ ਹੀ ਨਹੀਂ ਬਲਕਿ ਜ਼ਿੰਮੇਵਾਰ ਪ੍ਰਤੀਨਿਧੀਆਂ ਵਜੋਂ ਤਿਆਰ ਬਰ ਤਿਆਰ ਹਾਂ | ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਨਿਸ਼ਾਨਾ ਜ਼ਮੀਨੀ ਪੱਧਰ ਉੱਤੇ ਕਾਂਗਰਸ ਦੀ ਮਜ਼ਬੂਤੀ ਅਤੇ ਲੋਕਾਂ ਦੀ ਸੇਵਾ ਹੀ ਮੁੱਖ ਮਨੋਰਥ ਹੈ |