ਲੌਂਗੋਵਾਲ, 19 ਦਸੰਬਰ (ਸ.ਸ.ਖੰਨਾ ਵਿਨੋਦ)-ਸਥਾਨਕ ਪੱਤੀ ਜੈਦ ਦੇ ਵਸਨੀਕ ਜੀਵਨ ਸਿੰਘ ਪੁੱਤਰ ਸਵ.ਗੁਰਚਰਨ ਸਿੰਘ (ਮਜ਼੍ਹਬੀ ਸਿੱਖ) ਦੀ ਘਰ ਦੀ ਕੁਰਕੀ ਨੂੰ ਲੈ ਕੇ ਸਮਾਚਾਰ ਮਿਲਿਆ ਹੈ | ਜ਼ਿਕਰਯੋਗ ਹੈ ਕਿ ਜੀਵਨ ਸਿੰਘ ਨੇ ਡੀ.ਸੀ.ਬੀ ਬੈਂਕ ਬਰਾਂਚ ਪਟਿਆਲਾ ਕੋਲੋਂ 35 ਲੱਖ ਰੁਪਏ ਦਾ ਲੋਨ ਲਿਆ ਸੀ | ਜਿਸ ਦੇ ਵਿਚੋਂ ਉਸ ਵਲੋਂ 7 ਲੱਖ ਰੁਪਏ ਅਦਾ ਕੀਤੇ ਜਾ ਚੁੱਕੇ ਹਨ | ਜੀਵਨ ਸਿੰਘ ਦੇ ਕਹਿਣ ਮੁਤਾਬਕ ਬਾਕੀ 26 ਲੱਖ ਰੁਪਇਆ ਬਾਕੀ ਰਹਿੰਦਾ ਹੈ | ਉਸ ਦਾ ਕਹਿਣਾ ਹੈ ਕਿ ਬੈਂਕ ਵਲੋਂ ਉਸ ਨੂੰ ਫਿਰ 45 ਲੱਖ ਰੁਪਇਆ ਭਰਨ ਲਈ ਮਜਬੂਰ ਕੀਤਾ ਗਿਆ | ਉਸ ਦਾ ਕਹਿਣਾ ਹੈ ਕਿ ਉਹ ਐਨੇ ਪੈਸੇ ਨਹੀਂ ਭਰ ਸਕਦਾ ਜੋ ਕਿ ਉਸ ਨੇ ਭਰ ਦਿੱਤੇ ਹਨ | ਮਕਾਨ ਮਾਲਕ ਨੇ ਕਿਹਾ ਜਦੋਂ ਅੱਜ ਸਵੇਰੇ ਉਸ ਨੂੰ ਭਿਣਕ ਪਈ ਕਿ ਬੈਂਕ ਅਧਿਕਾਰੀ ਮੇਰੇ ਘਰ ਦੀ ਕੁਰਕੀ ਕਰਨ ਦੇ ਲਈ ਤਹਿਸੀਲਦਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਮੇਰੇ ਘਰ ਆ ਰਹੇ ਹਨ ਤਾਂ ਉਸ ਨੇ ਕਿਸਾਨ ਜਥੇਬੰਦੀਆਂ ਨਾਲ ਆਪਣਾ ਰਾਬਤਾ ਕਾਇਮ ਕੀਤਾ ਉਸ ਤੋਂ ਬਾਅਦ ਕਿਸਾਨਾਂ ਵਲੋਂ ਜੀਵਨ ਸਿੰਘ ਦੇ ਘਰ ਅੱਗੇ ਪੰਜਾਬ ਸਰਕਾਰ ਅਤੇ ਬੈਂਕ ਅਧਿਕਾਰੀਆਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ (ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ) ਦੇ ਆਗੂ ਰਣਜੀਤ ਸਿੰਘ ਦੁੱਲਟ, ਹਰਦੇਵ ਸਿੰਘ ਦੁੱਲਟ (ਕਿਰਤੀ ਕਿਸਾਨ ਯੂਨੀਅਨ) ਦਿਲਵਾਰਾ ਸਿੰਘ ਲੌਂਗੋਵਾਲ (ਡਕੌਂਦਾ) ਨੇ ਸੰਬੋਧਨ ਕਰਦਿਆਂ ਕਿਹਾ ਇਹ ਸੰਗਰੂਰ ਜ਼ਿਲ੍ਹੇ ਦੇ ਵਿਚ 1800 ਦੇ ਕਰੀਬ ਕੁਰਕੀ ਦੇ ਆਰਡਰ ਆਏ ਹੋਏ ਹਨ | ਪਰ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਵਲੋਂ ਕਿਸੇ ਵੀ ਕਿਸਾਨ ਜਾ ਮਜ਼ਦੂਰ ਦੀ ਹੁਣ ਤੱਕ ਕੁਰਕੀ ਨਹੀਂ ਹੋਣ ਦਿੱਤੀ ਅਤੇ ਨਾ ਹੀ ਕਿਸੇ ਦੀ ਕੁਰਕੀ ਹੋਣ ਦੇਵਾਂਗੇ | ਉਨ੍ਹਾਂ ਕਿਹਾ ਜੇਕਰ ਪੁਲਿਸ ਪ੍ਰਸ਼ਾਸਨ ਜਾਂ ਤਹਿਸੀਲਦਾਰ ਵੱਲੋਂ ਕਿਸੇ ਕਿਸਮ ਦਾ ਧੱਕਾ ਕੀਤਾ ਜਾਂਦਾ ਹੈ ਤਾਂ ਉਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਜਿਸ ਦਾ ਕਿਸਾਨ ਜਥੇਬੰਦੀਆਂ ਵਲੋਂ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ | ਇਸ ਮੌਕੇ ਆਤਮਾ ਸਿੰਘ, ਤਾਰੀ ਸ਼ੇਰੋ ਵਾਲਾ, ਕਰਮਜੀਤ ਸਿੰਘ ਸਤੀਪੁਰਾ, ਭਜਨ ਸਿੰਘ ਢੱਡਰੀਆਂ, ਦਰਸ਼ਨ ਸਿੰਘ ਕੁੰਨਰਾ, ਭੋਲਾ ਸਿੰਘ ਪਨਾਚ, ਪਾਲੀ ਦੁੱਲਟ, ਮੱਖਣ ਸਿੰਘ ਢੱਡਾ, ਠਾਕੁਰ ਸਿੰਘ, ਹਰਦੀਪ ਸਿੰਘ ਗਿੱਲ, ਪ੍ਰਗਟ ਸਿੰਘ ਗੰਗੇ ਕਾ ਆਦਿ ਹਾਜ਼ਰ ਸਨ |