ਅਮਰਗੜ੍ਹ, 20 ਦਸੰਬਰ (ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਬ੍ਰੇਨਟਰੀ ਵਰਲਡ ਸਕੂਲ, ਅਮਰਗੜ੍ਹ ਦੇ ਵਿਦਿਆਰਥੀਆਂ ਨੇ ਲੁਧਿਆਣਾ ਦੇ ਮਸ਼ਹੂਰ ਮਨੋਰੰਜਕ ਕੇਂਦਰ 'ਜੈਪ ਦਾ ਫਨ' ਦਾ ਸਿੱਖਿਆ ਅਤੇ ਮਨੋਰੰਜਨ ਨਾਲ ਭਰਪੂਰ ਦੌਰਾ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਆਰ.ਪੀ. ਗੋਇਲ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕਿਤਾਬੀ ਸਿੱਖਿਆ ਤੋਂ ਇਲਾਵਾ ਖੇਡਾਂ, ਐਡਵੈਂਚਰ ਅਤੇ ਸਮਾਜਿਕ ਤਜਰਬਿਆਂ ਰਾਹੀਂ ਸਮੁੱਚੀ ਵਿਕਾਸ ਦੀ ਦਿਸ਼ਾ ਵੱਲ ਲੈ ਜਾਣਾ ਸੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਦੌਰੇ ਬੱਚਿਆਂ ਵਿਚ ਨਵੀਂ ਊਰਜਾ ਭਰਦੇ ਹਨ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ | ਉਨ੍ਹਾਂ ਦੱਸਿਆ ਕਿ ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਰੋਮਾਂਚਕ ਖੇਡਾਂ ਅਤੇ ਕਈ ਕਿਸਮਾਂ ਦੀਆਂ ਐਡਵੈਂਚਰ ਐਕਟੀਵਿਟੀਆਂ ਵਿਚ ਹਿੱਸਾ ਲਿਆ | ਟਰਿੰਪੋਲਾਈਨ, ਰੋਪ ਗਲਾਈਡਰ, ਬਿ੍ਜ ਕ੍ਰੋਸਿੰਗ, ਸੁਪਰ ਜੰਪ, ਕਿਊਬ ਪਿੱਟ, ਫਾਸਟ ਰੇਸਿੰਗ, ਜੋਮਬੀ ਸਪਲੈਸ਼, ਏਅਰ ਕੋਮਬੈਟ ਵਰਗੀਆਂ ਸਰਗਰਮੀਆਂ ਨੇ ਬੱਚਿਆਂ ਨੂੰ ਬੇਹੱਦ ਉਤਸ਼ਾਹਿਤ ਕੀਤਾ | ਇਹਨਾਂ ਖੇਡਾਂ ਨੇ ਨਾ ਸਿਰਫ਼ ਉਨ੍ਹਾਂ ਦੀ ਸਰੀਰਕ ਚੁਸਤਤਾ ਵਧਾਈ, ਸਗੋਂ ਟੀਮਵਰਕ ਅਤੇ ਹਿੰਮਤ ਬਣਾਈ ਰੱਖਣ ਦੀ ਪੇ੍ਰਰਨਾ ਵੀ ਦਿੱਤੀ | ਜੈਪ ਪ੍ਰਬੰਧਨ ਵਲੋਂ ਵਿਦਿਆਰਥੀਆਂ ਦੀ ਖਾਸ ਮਹਿਮਾਨਨਵਾਜ਼ੀ ਕੀਤੀ ਗਈ ਅਤੇ ਉਨ੍ਹਾਂ ਲਈ ਸਵਾਦਿਸ਼ਟ ਤੇ ਪੌਸ਼ਟਿਕ ਭੋਜਨ ਦੀ ਵਿਵਸਥਾ ਵੀ ਕੀਤੀ | ਇਸ ਦੌਰੇ ਦਾ ਸਭ ਤੋਂ ਖਾਸ ਪਲ ਉਹ ਸੀ ਜਦੋਂ ਵਿਦਿਆਰਥੀ ਬੱਸ ਵਿਚ ਸਫ਼ਰ ਦੌਰਾਨ ਗਾਣੇ ਗਾਉਂਦੇ, ਡਾਂਸ ਕਰਦੇ ਅਤੇ ਖ਼ੁਸ਼ੀ ਦੇ ਨਾਅਰੇ ਲਾਉਂਦੇ ਨਜ਼ਰ ਆਏ | ਅਧਿਆਪਕਾਂ ਅਤੇ ਸਕੂਲ ਸਟਾਫ਼ ਨੇ ਬੱਚਿਆਂ ਦੀ ਖ਼ੁਸ਼ੀ ਅਤੇ ਉਤਸ਼ਾਹ ਨੂੰ ਵੇਖ ਕੇ ਟੂਰ ਨੂੰ ਸਫ਼ਲ ਅਤੇ ਯਾਦਗਾਰ ਘੋਸ਼ਿਤ ਕੀਤਾ |