ਦਿੜ੍ਹਬਾ ਮੰਡੀ, 20 ਦਸੰਬਰ (ਹਰਬੰਸ ਸਿੰਘ ਛਾਜਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਦਿੜ੍ਹਬਾ ਦੀ ਮੀਟਿੰਗ ਬਲਾਕ ਦੇ ਕਾਰਜਕਾਰੀ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਅਤੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਦਿੜ੍ਹਬਾ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਵੀ ਹਾਜ਼ਰ ਹੋਏ | ਅੱਜ ਦੀ ਮੀਟਿੰਗ ਵਿਚ ਜਗਦੀਪ ਸਿੰਘ ਮਹਿਲਾ ਨੂੰ ਬਲਾਕ ਦਾ ਕਾਰਜਕਾਰੀ ਖਜਾਂਨਚੀ ਅਤੇ ਮਿਸ਼ਰਾ ਸਿੰਘ ਨਿਹਾਲਗੜ੍ਹ ਨੂੰ ਸਹਾਇਕ ਖਜਾਂਨਚੀ ਚੁਣਿਆ ਗਿਆ | ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਡੂਆਂ ਅਤੇ ਜਿਲ੍ਹਾ ਖਜਾਂਨਚੀ ਅਮਨਦੀਪ ਸਿੰਘ ਮਹਿਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਿਜਲੀ ਬਿਲ ਪਿਛਲੇ ਦਿਨੀਂ ਪੰਜਾਬ ਸਰਕਾਰ ਨੂੰ ਭੇਜਿਆ ਹੈ | ਜਿਸ ਦਿਨ ਬਿਜਲੀ ਬਿਲ ਸਰਕਾਰ ਵਲੋਂ ਪਾਸ ਕੀਤਾ ਜਾਵੇਗਾ, ਉਸ ਤੋਂ ਅਗਲੇ ਦਿਨ ਐੱਸ.ਕੇ.ਐੱਮ. ਦੇ ਸੱਦੇ ਤੇ ਸੰਗਰੂਰ ਵਿਖੇ ਰੇਲ ਗੱਡੀਆਂ ਦਾ ਚੱਕਾ ਜਾਮ ਕੀਤਾ ਜਾਵੇਗਾ | ਟੋਲ ਪਲਾਜੇ ਵੀ ਫ੍ਰੀ ਕੀਤੇ ਜਾਣਗੇ | ਮੀਟਿੰਗ ਵਿਚ ਫ਼ੰਡਾ ਸਬੰਧੀ ਵਿਚਾਰ ਚਰਚਾ ਕੀਤੀ ਗਈ | ਜਥੇਬੰਦੀ ਦੇ ਫੰਡਾਂ ਨੂੰ ਖ਼ਾਤਿਆਂ 'ਚ ਜਮ੍ਹਾ ਕਰਵਾਇਆ ਜਾਵੇ | ਕਿਸਾਨ ਆਗੂ ਅਮਨਦੀਪ ਸਿੰਘ ਮਹਿਲਾ ਨੇ ਕਿਹਾ ਕਿ ਸਰਕਾਰ ਦੀ ਤਰਫੋਂ ਜੋ ਲੇਬਰ ਕੋਡ ਅਤੇ ਸੀਡ ਬਿੱਲ ਲਿਆਂਦੇ ਗਏ ਹਨ | ਬਿੱਲ ਕਿਸਾਨ ਮਜ਼ਦੂਰ ਮੁਲਾਜ਼ਮ ਵਿਰੋਧੀ ਹਨ | ਬਿੱਲਾਂ ਨੂੰ ਜਥੇਬੰਦੀਆਂ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਣਗੀਆਂ | ਇਸ ਮੌਕੇ ਭਰਪੂਰ ਸਿੰਘ ਮੌੜਾ, ਮਿਸ਼ਰਾ ਸਿੰਘ ਨਿਹਾਲਗੜ੍ਹ, ਜੋਗਿੰਦਰ ਸਿੰਘ ਖੇੜੀ, ਜਸਵੰਤ ਸਿੰਘ ਸਮੂਰਾਂ, ਮੇਜਰ ਸਿੰਘ ਕੌਹਰੀਆਂ, ਗੁਰਮੀਤ ਸਿੰਘ ਢੰਡੋਲੀ, ਰੂਪ ਸਿੰਘ ਮੌੜਾਂ, ਹੁਸ਼ਿਆਰ ਸਿੰਘ ਉਭਿਆ ਅਤੇ ਬਲਵੀਰ ਸਿੰਘ ਖੇੜੀ ਨਾਂਗਾ ਆਦਿ ਵੀ ਮੌਜੂਦ ਸਨ |