ਸੰਗਰੂਰ, 20 ਦਸੰਬਰ (ਦਮਨਜੀਤ ਸਿੰਘ)-ਸੰਗਰੂਰ ਦੀਆਂ ਸ਼ਾਹੀ ਸਮਾਧਾਂ ਨੇੜਲੇ ਲੇਬਰ ਚੌਂਕ ਵਿਖੇ ਨਸ਼ੇੜੀਆਂ ਦਾ ਅੱਡਾ ਬਣਨ ਅਤੇ ਨਸ਼ਾ ਤਸਕਰਾਂ ਵਲੋਂ ਤੁਰ ਫਿਰ ਕੇ ਨਸ਼ਾ ਵੇਚੇ ਜਾਣ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਚਲਦਿਆਂ ਅੱਜ ਸੰਗਰੂਰ ਪੁਲਿਸ ਵਲੋਂ ਐੱਸ.ਪੀ. ਨਵਰੀਤ ਸਿੰਘ ਵਿਰਕ ਦੀ ਅਗਵਾਈ ਹੇਠ ਇੱਥੇ ਅਚਾਨਕ ਵੱਡੀ ਛਾਪੇਮਾਰੀ ਕਰਦਿਆਂ ਜਿੱਥੇ ਚੌਂਕ ਦੇ ਅੰਦਰ ਅਤੇ ਆਲੇ ਦੁਆਲੇ ਦੇ ਇਲਾਕੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਉੱਥੇ ਹੀ ਇਸ ਜਗ੍ਹਾ ਤੋਂ ਕਰੀਬ 1 ਦਰਜਨ ਸ਼ੱਕੀ ਵਿਅਕਤੀਆਂ ਨੰੂ ਫੜ੍ਹ ਕੇ ਪੁੱਛਗਿੱਛ ਕੀਤੀ ਗਈ | ਜ਼ਿਕਰਯੋਗ ਹੈ ਕਿ ਪੁਲਿਸ ਅਧਿਕਾਰੀਆਂ ਵਲੋਂ ਇਸ ਛਾਪੇਮਾਰੀ ਨੰੂ ਇਨ੍ਹਾਂ ਗੁਪਤ ਰੱਖਿਆ ਗਿਆ ਕਿ ਇਸ ਬਾਰੇ ਪੁਲਿਸ ਮੁਲਾਜ਼ਮਾਂ ਨੰੂ ਵੀ ਭਿਣਕ ਨਹੀਂ ਪੈਣ ਦਿੱਤੀ ਕਿ ਉਨ੍ਹਾਂ ਨੰੂ ਸ਼ਹਿਰ ਦੇ ਵੱਡੇ ਡਾਕਖ਼ਾਨੇ ਨੇੜੇ ਇਕੱਠੇ ਕਰ ਕੇ ਕਿਸ ਜਗ੍ਹਾ ਲਿਜਾਇਆ ਜਾਣਾ ਹੈ | ਐੱਸ.ਪੀ. ਵਿਰਕ ਦੀ ਅਗਵਾਈ ਹੇਠ ਪੁਲਿਸ ਵਲੋਂ ਇਸ ਛਾਪੇਮਾਰੀ ਲਈ 4 ਟੀਮਾਂ ਬਣਾਈਆਂ ਗਈਆਂ ਅਤੇ ਸਾਰੀਆਂ ਹੀ ਟੀਮਾਂ ਨੇ ਵੱਖੋ-ਵੱਖਰੇ ਰਸਤਿਆਂ ਤੋਂ ਚੌਂਕ ਨੰੂ ਇੱਕੋ ਸਮੇਂ ਘੇਰਾ ਪਾ ਲਿਆ ਅਤੇ ਉੱਥੇ ਮੌਜੂਦ ਲੇਬਰ ਦੇ ਨਾਲ-ਨਾਲ ਹੋਰਨਾਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਪੀ. ਵਿਰਕ ਨੇ ਦੱਸਿਆ ਕਿ ਪੁਲਿਸ ਵਲੋਂ ਪੁੱਛਗਿੱਛ ਲਈ ਸ਼ੱਕ ਦੇ ਆਧਾਰ ਉੱਤੇ ਨਜ਼ਰਬੰਦ ਕੀਤੇ ਗਏ ਵਿਅਕਤੀਆਂ ਵਿਚੋਂ ਕੁਝ ਵਿਅਕਤੀਆਂ ਪਾਸੋਂ ਨਸ਼ਾ ਬਰਾਮਦ ਹੋਇਆ ਹੈ ਜਿਸ ਸਬੰਧੀ ਸਿਟੀ ਪੁਲਿਸ ਵਲੋਂ ਜਾਂਚ ਕਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸੰਗਰੂਰ ਪੁਲਿਸ ਵਲੋਂ ਨਸ਼ਿਆਂ ਦੇ ਕੋਹੜ ਨੰੂ ਜੜ੍ਹ ਤੋਂ ਖ਼ਤਮ ਕਰਨ ਲਈ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਯਤਨਾਂ ਸਦਕਾ ਹੀ ਪੁਲਿਸ ਬਹੁਤ ਹੱਦ ਤੱਕ ਨਸ਼ਾ ਖ਼ਤਮ ਕਰਨ ਵਿਚ ਕਾਮਯਾਬ ਵੀ ਰਹੀ ਹੈ ਅਤੇ ਨਸ਼ਾ ਕਰਨ ਦੇ ਆਦਿ ਵਿਅਕਤੀਆਂ ਦਾ ਇਲਾਜ ਕਰਵਾ ਕੇ ਉਨ੍ਹਾਂ ਨੰੂ ਮੁੜ ਮੁੱਖ ਧਾਰਾ ਵਿਚ ਸ਼ਾਮਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਸਬ ਡਵੀਜ਼ਨ ਸੰਗਰੂਰ ਵਿਚ ਡੀ.ਐੱਸ.ਪੀ. ਸੁਖਦੇਵ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ, ਸਦਰ ਅਤੇ ਸਿਟੀ-1 ਦੇ ਇਲਾਕਿਆਂ ਵਿਚ ਲੰਘੇ ਇਕ ਮਹੀਨੇ ਦੌਰਾਨ ਐਨ.ਡੀ.ਪੀ.ਐੱਸ. ਦੀਆਂ ਧਾਰਾਵਾਂ ਤਹਿਤ 9 ਮੁਕੱਦਮੇ ਦਰਜ਼ ਕਰ ਕੇ 11 ਵਿਅਕਤੀਆਂ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 106 ਗਰਾਮ ਹੈਰੋਇਨ, 10 ਹਜ਼ਾਰ ਰੁਪਏ ਡਰੱਗ ਮਨੀ ਅਤੇ 75 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ | ਇਸ ਤੋਂ ਇਲਾਵਾ ਆਬਕਾਰੀ ਐਕਟ ਤਹਿਤ 3 ਮੁਕੱਦਮੇ ਦਰਜ਼ ਕਰ ਕੇ ਤਿੰਨ ਵਿਅਕਤੀਆਂ ਨੰੂ 50 ਬੋਤਲਾਂ ਠੇਕਾ ਸ਼ਰਾਬ ਦੇਸੀ ਸਮੇਤ ਗਿ੍ਫ਼ਤਾਰ ਕਰ ਕੇ ਕਾਰਵਾਈ ਕੀਤੀ ਗਈ ਹੈ | ਨਸ਼ੇ ਦੀ ਦਲਦਲ ਵਿਚ ਫਸੇ 42 ਵਿਅਕਤੀਆਂ ਨੰੂ ਨਸ਼ਾ ਛੱਡਣ ਲਈ ਦਵਾਈ ਦਿਵਾਈ ਗਈ ਹੈ ਅਤੇ 14 ਪੀੜਤਾਂ ਨੰੂ ਸਰਕਾਰ ਵਲੋਂ ਬਣਾਏ ਨਸ਼ਾ ਛਡਾਓ ਕੇਂਦਰਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ | ਐੱਸ.ਪੀ. ਵਿਰਕ ਨੇ ਦੱਸਿਆ ਕਿ ਅੱਜ ਇਸ ਲੇਬਰ ਚੌਂਕ ਦੇ ਨਾਲ-ਨਾਲ ਨਸ਼ੇ ਦੀ ਤਸਕਰੀ ਲਈ ਹਾਟ-ਸਪੋਟ ਮੰਨੇ ਜਾਂਦੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰਨਾਂ ਜਨਤਕ ਥਾਵਾਂ ਉੱਤੇ ਅਚਨਚੇਤ ਛਾਪੇਮਾਰੀਆਂ ਕੀਤੀਆਂ ਗਈਆਂ ਹਨ | ਬਾਅਦ ਵਿਚ ਪੁਲਿਸ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਪੁਲਿਸ ਵਲੋਂ ਸਬ ਡਵੀਜ਼ਨ ਸੰਗਰੂਰ ਵਿਚ 3 ਮੁਕੱਦਮੇ ਦਰਜ਼ ਕਰ ਕੇ 3 ਵਿਅਕਤੀਆਂ ਨੰੂ ਗਿ੍ਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ 12 ਗਰਾਮ ਹੈਰੋਇਨ (ਚਿੱਟਾ) ਬਰਾਮਦ ਹੋਇਆ ਹੈ | ਇਸ ਮੌਕੇ ਡੀ.ਐੱਸ.ਪੀ. ਸੰਗਰੂਰ ਸੁਖਦੇਵ ਸਿੰਘ, ਥਾਣਾ ਮੁਖੀ ਸਿਟੀ ਇੰਸ: ਮਨਪ੍ਰੀਤ ਸਿੰਘ, ਥਾਣਾ ਮੁਖੀ ਸਿਟੀ-1 ਕਸ਼ਮੀਰ ਸਿੰਘ ਅਤੇ ਪੀ.ਸੀ.ਆਰ. ਇੰਚਾਰਜ ਇੰਸ: ਜੋਗਿੰਦਰ ਸਿੰਘ ਵੀ ਮੌਜੂਦ ਸਨ |