ਮਲੇਰਕੋਟਲਾ, 20 ਦਸੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਪਿਛਲੇ ਦਿਨਾਂ ਤੋਂ ਥਾਣਾ ਸਦਰ ਅਹਿਮਦਗੜ੍ਹ ਦੇ ਪਿੰਡਾਂ ਅੰਦਰ ਬੇਖ਼ੌਫ ਚੋਰਾਂ ਵਲੋਂ ਕੀਤੀਆਂ ਜਾ ਰਹੀਆਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ | ਚੋਰਾਂ ਵਲੋਂ ਕਿਸਾਨਾਂ ਦੇ ਖੇਤਾਂ ਅੰਦਰ ਬਿਜਲੀ ਦੇ ਟਰਾਂਸਫਾਰਮਾਂ ਦੀ ਭੰਨ ਤੋੜ ਕਰ ਕੇ ਉਨ੍ਹਾਂ ਦੇ ਵਿਚੋਂ ਸੈਂਕੜੇ ਲੀਟਰ ਤੇਲ ਕੱਢਣ ਅਤੇ ਮੋਟਰਾਂ ਦੀਆਂ ਕੇਬਲਾਂ ਚੋਰੀ ਕਰਨ ਦਾ ਸਿਲਸਿਲਾ ਆਏ ਦਿਨ ਵਧ ਰਿਹਾ ਹੈ | ਬੇਖ਼ੌਫ ਚੋਰਾਂ ਵਲੋਂ ਕੁੱਝ ਦਿਨ ਪਹਿਲਾਂ ਸਰੌਦ ਤੋਂ ਬਾਲੇਵਾਲ ਨੂੰ ਜਾਂਦੀ ਸੜਕ ਦੇ ਆਲੇ ਦੁਆਲੇ ਦੀਆਂ ਮੋਟਰਾਂ ਤੋਂ ਬਿਜਲੀ ਦੇ ਟਰਾਂਸਫ਼ਾਰਮਰਾਂ ਦੇ ਵਿਚੋਂ ਤੇਲ ਚੋਰੀ ਕਰ ਲਿਆ ਅਤੇ ਵੱਡੀ ਗਿਣਤੀ ਵਿਚ ਮੋਟਰਾਂ ਦੀਆਂ ਕੇਬਲਾਂ ਵੱਢ ਲਈਆਂ ਸਨ | ਉਨ੍ਹਾਂ ਖ਼ਬਰਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਹੁਣ ਬੀਤੀ ਪਰਸੋਂ ਦੀ ਰਾਤ ਇੱਕ ਵਾਰ ਫਿਰ ਚੋਰਾਂ ਵਲੋਂ ਸਰੌਦ ਤੋਂ ਚੁੱਪਕਾ ਅਤੇ ਬਾਲੇਵਾਲ ਪਿੰਡ ਨੂੰ ਜਾਂਦੀ ਸੜਕ ਦੇ ਉੱਤੇ ਖੇਤਾਂ ਦੇ ਅੰਦਰ ਤਾਡਵ ਨਾਚ ਮਚਾਉਂਦਿਆਂ ਅੱਧੀ ਦਰਜਨ ਦੇ ਕਰੀਬ ਕਿਸਾਨਾਂ ਨੇਤਰ ਸਿੰਘ, ਜਗਦੇਵ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਬਹਾਦਰ ਸਿੰਘ, ਆਤਮਾ ਸਿੰਘ ਆਦਿ ਦੇ ਖੇਤਾਂ ਵਿਚ ਲੱਗੇ ਬਿਜਲੀ ਦੇ ਟਰਾਂਸਫਾਰਮਾਂ ਦਾ ਤੇਲ ਅਤੇ ਮੋਟਰਾਂ ਦੀਆਂ ਕੇਬਲਾਂ ਚੋਰੀ ਕਰ ਲਈਆਂ | ਇਲਾਕੇ ਅੰਦਰ ਚੋਰਾਂ ਵਲੋਂ ਕੀਤੀ ਇਹ ਵਾਰਦਾਤ ਕੋਈ ਪਹਿਲੀ ਨਹੀਂ ਹੈ | ਇਸ ਤੋਂ ਪਹਿਲਾਂ ਵੀ ਵੱਡੇ ਪੱਧਰ 'ਤੇ ਟਰਾਂਸਫ਼ਾਰਮਰਾਂ ਅਤੇ ਬਿਜਲੀ ਦੀਆਂ ਸੈਂਕੜੇ ਕੇਬਲਾਂ ਚੋਰੀ ਹੋ ਚੁੱਕੀਆਂ ਹਨ | ਇਸ ਵਰਤਾਰੇ ਦਾ ਹੈਰਾਨੀਜਨਕ ਤੱਥ ਇਹ ਹੈ ਕਿ ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਇਹ ਚੋਰ ਪੁਲਿਸ ਦੇ ਕਾਬੂ ਕਿਉਂ ਨਹੀਂ ਆ ਰਹੇ | ਇਲਾਕੇ ਦੇ ਲੋਕਾਂ ਅੰਦਰ ਪੁਲਿਸ ਦੇ ਖ਼ਿਲਾਫ਼ ਗੁੱਸਾ ਵਧਣ ਲੱਗਿਆ ਹੈ ਅਤੇ ਲੋਕ ਪੁਲਿਸ ਕੋਲ ਚੋਰੀ ਦੀ ਸ਼ਿਕਾਇਤ ਦਰਜ਼ ਕਰਵਾਉਣ ਤੋਂ ਵੀ ਕੰਨੀ ਕਤਰਾਉਣ ਲੱਗੇ ਹਨ | ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦਾ ਕੀ ਫ਼ਾਇਦਾ ਹੈ, ਕਿਸੇ 'ਤੇ ਕੋਈ ਕਾਰਵਾਈ ਤਾਂ ਸ਼ਾਇਦ ਹੀ ਹੋਈ ਹੋਵੇ | ਇੱਕ ਤਾਂ ਚੋਰਾਂ ਵਲੋਂ ਕਿਸਾਨਾਂ ਦਾ ਸਮਾਨ ਚੋਰੀ ਕਰ ਕੇ ਨੁਕਸਾਨ ਕੀਤਾ ਜਾਂਦਾ ਹੈ | ਉਧਰ ਦੂਜੇ ਪਾਸੇ ਕਿਸਾਨਾਂ ਨੂੰ ਨਵਾਂ ਸਮਾਨ ਲਿਆਉਣ ਲਈ ਵੀ ਖਰਚਾ ਕਰਨਾ ਪੈਂਦਾ ਹੈ | ਇਲਾਕੇ ਅੰਦਰ ਟਰਾਂਸਫ਼ਾਰਮਰ ਅਤੇ ਕੇਬਲਾਂ ਚੋਰੀ ਕਰਨ ਦੀਆਂ ਘਟਨਾਵਾਂ ਹਰ ਰੋਜ਼ ਵਧ ਰਹੀਆਂ ਹਨ | ਰਾਤਾਂ ਨੂੰ ਕਿਸਾਨਾਂ ਦੇ ਖੇਤਾਂ ਦੇ ਅੰਦਰ ਬਣੇ ਹੋਏ ਕੋਠਿਆਂ ਦੇ ਜਿੰਦਰੇ ਤੋੜ ਕੇ ਸਮਾਨ ਚੋਰੀ ਕੀਤਾ ਜਾ ਰਿਹਾ ਹੈ | ਬਰਫ਼ ਵਰਗੀਆਂ ਸਰਦ ਰਾਤਾਂ ਨੂੰ ਕਿਸਾਨ ਵਰਗ ਆਪਣੇ ਖੇਤਾਂ ਅੰਦਰ ਆਪਣੇ ਸਮਾਨ ਨੂੰ ਚੋਰਾਂ ਤੋਂ ਬਚਾਉਣ ਦੇ ਲਈ ਗੇੜੇ ਮਾਰਨ ਲਈ ਮਜਬੂਰ ਹੈ | ਆਖ਼ਰ ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ ਕੁੱਝ ਵੀ ਸਮਝ ਨਹੀਂ ਪੈਂਦਾ | ਪੀੜਤ ਕਿਸਾਨਾਂ ਨੇ ਕਿਹਾ ਕਿ ਚੰਗਾ ਹੋਵੇ ਜੇਕਰ ਪੁਲਿਸ ਪ੍ਰਸ਼ਾਸਨ, ਕਿਸਾਨ ਵਰਗ 'ਤੇ ਤਰਸ ਕਰ ਕੇ ਇਨ੍ਹਾਂ ਚੋਰਾਂ ਨੂੰ ਨੱਥ ਪਾ ਕੇ ਸਲਾਖ਼ਾਂ ਦੇ ਪਿੱਛੇ ਕਰੇ ਤਾਂ ਕਿ ਕਿਸਾਨ ਵਰਗ ਨੂੰ ਕੁੱਝ ਰਾਹਤ ਮਹਿਸੂਸ ਹੋਵੇ |