ਸੰਗਰੂਰ, 21 ਦਸੰਬਰ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਜਾ ਰਹੇ ਪੰਜਾਬੀ ਓਲੰਪੀਆਡ 2025 ਵਿਚ ਪੰਜਾਬ ਭਵਨ ਸਰੀ' (ਕੈਨੇਡਾ) ਦੇ ਸੰਸਥਾਪਕ ਸੁੱਖੀ ਬਾਠ ਨੇ ਸਿੱਖਿਆ ਅਤੇ ਮਾਂ-ਬੋਲੀ ਦੇ ਖੇਤਰ ਵਿਚ ਇੱਕ ਨਵੀਂ ਮਿਸਾਲ ਪੈਦਾ ਕੀਤੀ ਹੈ | ਉਨ੍ਹਾਂ ਨੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਨਾਲ ਜੁੜੇ ਉਨ੍ਹਾਂ ਵਿਦਿਆਰਥੀਆਂ ਦੀ ਤਕਰੀਬਨ ਇੱਕ ਲੱਖ ਰੁਪਏ ਦੇ ਕਰੀਬ ਫ਼ੀਸ ਆਪਣੀ ਜੇਬ ਵਿਚੋਂ ਅਦਾ ਕੀਤੀ ਹੈ, ਜੋ ਆਰਥਿਕ ਪੱਖੋਂ ਕਮਜ਼ੋਰ ਸਨ | ਇਸ ਉਪਰਾਲੇ ਸਦਕਾ ਅੱਜ ਇਹ ਬੱਚੇ ਓਲੰਪੀਆਡ ਦੇ ਪਹਿਲੇ ਅਤੇ ਦੂਜੇ ਰਾਊਾਡ ਵਿਚ ਸਫ਼ਲ ਹੋ ਕੇ ਫਾਈਨਲ ਵਿਚ ਆਪਣੀ ਥਾਂ ਬਣਾ ਚੁੱਕੇ ਹਨ | ਇਸ ਮੌਕੇ ਕੈਨੇਡਾ ਤੋਂ ਆਪਣਾ ਸੰਦੇਸ਼ ਭੇਜਦਿਆਂ ਸੁੱਖੀ ਬਾਠ ਨੇ ਫਾਈਨਲ ਵਿਚ ਪਹੁੰਚੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਸਾਡੀਆਂ ਨਵੀਆਂ ਕਲਮਾਂ ਅੱਜ ਪੂਰੇ ਪੰਜਾਬ ਵਿਚ ਆਪਣੀ ਚਮਕ ਦਿਖਾ ਰਹੀਆਂ ਹਨ | ਪੈਸਾ ਕਦੇ ਵੀ ਕਿਸੇ ਬੱਚੇ ਦੀ ਵਿਦਿਆ ਅਤੇ ਹੁਨਰ ਦੇ ਰਾਹ ਵਿਚ ਰੋੜਾ ਨਹੀਂ ਬਣਨਾ ਚਾਹੀਦਾ | ਇਹ ਬੱਚੇ ਹੀ ਪੰਜਾਬੀ ਮਾਂ-ਬੋਲੀ ਦਾ ਭਵਿੱਖ ਹਨ | ਪ੍ਰੋਜੈਕਟ ਇੰਚਾਰਜ ਓਾਕਾਰ ਸਿੰਘ ਤੇਜੇ ਨੇ ਕਿਹਾ ਕਿ ਨਵੀਆਂ ਕਲਮਾਂ ਨਵੀਂ ਉਡਾਣ ਦਾ ਮੁੱਖ ਮਕਸਦ ਬੱਚਿਆਂ ਨੂੰ ਸਾਹਿਤ ਨਾਲ ਜੋੜ ਕੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਉਣਾ ਹੈ | ਸੰਸਥਾ ਦੇ ਵਿੱਤੀ ਸਲਾਹਕਾਰ ਬਲਜੀਤ ਸ਼ਰਮਾ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਿਵੇਸ਼ ਬੱਚਿਆਂ ਦੇ ਭਵਿੱਖ ਲਈ ਹੈ | ਉਨ੍ਹਾਂ ਕਿਹਾ ਸੁੱਖੀ ਬਾਠ ਦਾ ਉਦੇਸ਼ ਪਾਰਦਰਸ਼ੀ ਤਰੀਕੇ ਨਾਲ ਹਰ ਹੱਕਦਾਰ ਬੱਚੇ ਤੱਕ ਸਹਾਇਤਾ ਪਹੁੰਚਾਉਣਾ ਹੈ ਤਾਂ ਜੋ ਆਰਥਿਕ ਤੰਗੀ ਕਾਰਨ ਕੋਈ ਪ੍ਰਤਿਭਾ ਦੱਬੀ ਨਾ ਰਹਿ ਜਾਵੇ | ਓਲੰਪੀਆਡ ਦੇ ਨਤੀਜੇ ਦੱਸਦੇ ਹਨ ਕਿ ਇਹ ਫ਼ੈਸਲਾ ਬਿਲਕੁਲ ਸਹੀ ਸੀ | ਫ਼ਿਰੋਜ਼ਪੁਰ ਦੀ ਵਿਦਿਆਰਥਣ ਹਰਮਨ ਨੇ ਇਸ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਨੇ ਭਾਵੁਕ ਹੁੰਦਿਆਂ ਦੱਸਿਆ ਕਿ ਮੈਂ ਓਲੰਪੀਆਡ ਵਿਚ ਹਿੱਸਾ ਲੈਣਾ ਚਾਹੁੰਦੀ ਸੀ ਪਰ ਫ਼ੀਸ ਦਾ ਪ੍ਰਬੰਧ ਕਰਨਾ ਮੁਸ਼ਕਿਲ ਸੀ | ਉਨ੍ਹਾਂ ਨੇ ਕਿਹਾ ਕਿ ਸੁੱਖੀ ਬਾਠ ਨੇ ਨਾ ਸਿਰਫ਼ ਮੇਰੀ ਫ਼ੀਸ ਭਰੀ ਬਲਕਿ ਮੈਨੂੰ ਸਾਹਿਤਕ ਮੰਚ ਦੇ ਕੇ ਮੇਰੇ ਅੰਦਰ ਇਹ ਵਿਸ਼ਵਾਸ ਜਗਾਇਆ ਕਿ ਮੈਂ ਵੀ ਕੁਝ ਕਰ ਸਕਦੀ ਹਾਂ | ਅੱਜ ਮੈਂ ਫਾਈਨਲ ਦੀ ਤਿਆਰੀ ਪੂਰੇ ਉਤਸ਼ਾਹ ਨਾਲ ਕਰ ਰਹੀ ਹਾਂ |