ਲੌਂਗੋਵਾਲ, 21 ਦਸੰਬਰ (ਸ.ਸ.ਖੰਨਾ)-ਟੋਲ ਪਲਾਜ਼ਾ ਵਰਕਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਲੌਂਗੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਟੋਲ ਪਲਾਜ਼ਿਆਂ ਨੂੰ ਬੂਥਲੈਸ ਕਰਕੇ 10 ਲੱਖ ਦੇ ਕਰੀਬ ਨੌਜਵਾਨ ਮੁੰਡੇ ਕੁੜੀਆਂ ਨੂੰ ਬੇਰੁਜ਼ਗਾਰ ਕਰਨ ਜਾ ਰਹੀ ਹੈ | ਇਸ ਦੇ ਨਾਲ ਹੀ ਪੰਜਾਬ ਸਰਕਾਰ ਵੀ ਟੋਲ ਪਲਾਜਿਆ ਉੱਪਰ ਕੰਮ ਕਰਦੇ 10 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਦਾ ਰੁਜ਼ਗਾਰ ਖੋਹਣ ਦੇ ਲਈ ਪੂਰੀ ਤਿਆਰੀ ਵਿਚ ਹੈ | ਉਨ੍ਹਾਂ ਕਿਹਾ ਕਿ ਅਸੀਂ ਇਹ ਹਰਗਿਜ ਨਹੀਂ ਹੋਣ ਦੇਵਾਂਗੇ ਉਨ੍ਹਾਂ ਕਿਹਾ ਕਿ ਜਦੋਂ ਟੋਲ ਪਲਾਜੇ ਬੂਥ ਲੈਸ ਹੋ ਜਾਣਗੇ ਤਾਂ ਹਰ ਇੱਕ ਕਿਸਾਨ ਦਾ ਟੋਲ ਕੱਟਿਆ ਜਾਵੇਗਾ ਅਤੇ ਇਸ ਦੇ ਨਾਲ ਹੋਰ ਵੀ ਬਹੁਤ ਟੋਲ ਰਹਿਤ ਵਿਅਕਤੀਆਂ ਨੂੰ ਟੋਲ ਟੈਕਸ ਦੀ ਭਰਪਾਈ ਕਰਨੀ ਪਵੇਗੀ | ਉਨ੍ਹਾਂ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿਚ ਕਿਸਾਨ ਜਥੇਬੰਦੀਆਂ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ ਨਾਲ ਰਾਬਤਾ ਕਰ ਕੇ ਇੱਕ ਵੱਡੇ ਸੰਘਰਸ਼ ਦਾ ਐਲਾਨ ਕਰ ਰਹੇ ਹਾਂ ਜੇਕਰ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਨਾ ਲਿਆ ਤਾਂ ਪੂਰੇ ਪੰਜਾਬ ਦੇ ਟੋਲ ਪਲਾਜੇ ਬੰਦ ਕਰ ਕੇ ਪੱਕੇ ਮੋਰਚੇ ਲਗਾਏ ਜਾਣਗੇ | ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਮੌਕੇ ਬਿਕਰਮਜੀਤ ਸਿੰਘ, ਰਮਨਦੀਪ ਸਿੰਘ ਸਟਾਲਨਜੀਤ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ ਗੁਰਦੀਪ ਸਿੰਘ, ਸਾਧਨਾ, ਗਗਨਦੀਪ ਕੌਰ ਆਦਿ ਹਾਜ਼ਰ ਸਨ |