ਸੰਗਰੂਰ , 21 ਦਸੰਬਰ (ਅਮਨਦੀਪ ਸਿੰਘ ਬਿੱਟਾ)-ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਰਿਪੂਦਮਨ ਸਿੰਘ ਰਿਪੂ ਢਿੱਲੋਂ ਜਿਨ੍ਹਾਂ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ ਢਿੱਲੋਂ ਕੌਂਸਲਰ ਹਨ ਨੇ ਕਿਹਾ ਕਿ 9 ਕੌਂਸਲਰ ਜੋ ਹਾਊਸ ਦੇ ਕੁੱਲ ਮੈਂਬਰਾਂ ਦਾ ਵਨ ਫੋਰਥ (ਚੌਥਾਈ ਹਿੱਸਾ) ਹਨ ਵਲੋਂ ਬੁਲਾਈ ਜਾਣ ਵਾਲੀ ਹਾਊਸ ਦੀ ਰਿਕੋਜੀਸ਼ਨ ਮੀਟਿੰਗ ਬੇਹੱਦ ਅਹਿਮ ਰਹੇਗੀ | ਉਨ੍ਹਾਂ ਕਿਹਾ ਕਿ ਪ੍ਰਧਾਨ ਨਗਰ ਕੌਂਸਲ ਇਸ ਰਿਕੋਜੀਸਨ ਮੀਟਿੰਗ ਦੀ ਕਾਲ ਪੰਦਰਾਂ ਦਿਨਾਂ ਦੇ ਅੰਦਰ ਕਰਨ ਦੇ ਪਾਬੰਦ ਹਨ | ਉਨ੍ਹਾਂ ਦੱਸਿਆ ਕਿ ਹਾਊਸ ਦੀ ਮੀਟਿੰਗ ਵਿਚ ਸੰਗਰੂਰ ਦੇ ਕੂੜੇ ਤੋਂ ਬਿਜਲੀ ਪਲਾਂਟ ਲਗਾਉਣ ਸਬੰਧੀ ਹੈ ਜੋ ਮੰਡੀ ਗੋਬਿੰਦਗੜ੍ਹ ਦੀ ਨਗਰ ਕੌਂਸਲ ਵਲੋਂ ਲਗਾਏ ਹੋਏ ਪਲਾਂਟ ਦੀ ਤਰਜ਼ ਦੇ ਅਧਾਰ ਉੱਤੇ ਹੋਵੇਗਾ | ਢਿੱਲੋਂ ਨੇ ਦੱਸਿਆ ਕਿ ਸਵੱਛ ਭਾਰਤ ਅਧੀਨ ਨਗਰ ਕੌਂਸਲ ਸੰਗਰੂਰ ਕੋਲ ਤਕਰੀਬਨ 12 ਕਰੋੜ ਰੁਪਏ ਪਏ ਹਨ ਅਤੇ ਇਸ ਪ੍ਰੋਜੈਕਟ ਉੱਪਰ ਜ਼ਮੀਨ ਸਮੇਤ 7 ਕਰੋੜ ਦੀ ਲਾਗਤ ਆਉਣ ਦਾ ਅਨੁਮਾਨ ਹੈ | ਇਸ ਪਲਾਂਟ ਦੇ ਲੱਗਣ ਨਾਲ ਸ਼ਹਿਰ ਦੇ ਕੂੜੇ ਦੀ ਸਮੱਸਿਆ ਵੀ ਖ਼ਤਮ ਹੋ ਜਾਵੇਗੀ ਅਤੇ ਕਮੇਟੀ ਦੀ ਆਮਦਨ ਵੀ ਵਧੇਗੀ | ਹਾਊਸ ਦੀ ਮੀਟਿੰਗ ਵਿਚ ਵਿਚਾਰੇ ਜਾਣ ਵਾਲੇ ਹੋਰ ਮੁੱਦਿਆਂ ਸਬੰਧੀ ਵੀ ਵਿਚਾਰਨ ਚਰਚਾ ਕਰਦਿਆਂ ਰਿਪੂ ਢਿੱਲੋਂ ਨੇ ਦੱਸਿਆ ਕਿ 84 ਲੱਖ ਰੁਪਏ ਦਾ ਜੋ ਜੁਰਮਾਨਾ ਕੂੜੇ ਸਬੰਧੀ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਪਾਇਆ ਹੈ, ਉਸ ਦੀ ਭਰਪਾਈ ਲਈ ਨਗਰ ਕੌਂਸਲ ਦੇ ਪ੍ਰਧਾਨ, ਕਾਰਜਸਾਧਕ ਅਫ਼ਸਰ ਜਿਨ੍ਹਾਂ ਦੀ ਨਾਲਾਇਕੀ ਕਾਰਨ ਉਕਤ ਜੁਰਮਾਨਾ ਪਿਆ ਹੈ, ਦਾ ਭੁਗਤਾਨ ਵੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਜੇਬ ਵਿਚੋਂ ਕਰਵਾਇਆ ਜਾਵੇ | ਰੇਲਵੇ ਸਟੇਸ਼ਨ ਸਾਹਮਣੇ ਸਥਿਤ ਕਲੋਨੀ ਜੋ ਮਿਹਨਤਕਸ਼ ਲੋਕਾਂ ਦਾ ਆਸ਼ਿਆਨਾ ਹੈ ਦੇ ਘਰਾਂ ਨੂੰ ਜਾਂਦੇ ਤੰਗ ਰਾਹ ਦੇ ਹੱਲ ਲਈ ਜੋ ਜ਼ਮੀਨ ਇੱਕ ਸਮਾਜ ਸੇਵੀ ਪਰਿਵਾਰ ਰਸਤਾ ਚੌੜਾ ਕਰਨ ਲਈ ਦੇ ਰਿਹਾ ਹੈ ਨੂੰ ਵੀ ਮਤੇ ਦੇ ਰੂਪ ਵਿਚ ਹਾਊਸ ਦੀ ਮੀਟਿੰਗ ਵਿਚ ਪਾਸ ਕਰਵਾਇਆ ਜਾਵੇਗਾ | ਸ਼ਹਿਰ ਦੇ ਕੁਝ ਬਲੈਕਮੇਲਰ ਲੋਕਾਂ ਉੱਪਰ ਸ਼ਿਕੰਜਾ ਕੱਸਣ ਨੂੰ ਵੀ ਇੱਕ ਹੋਰ ਅਹਿਮ ਪ੍ਰਾਥਮਿਕਤਾ ਕਰਾਰ ਦਿੰਦਿਆਂ ਰਿਪੂ ਢਿੱਲੋਂ ਨੇ ਕਿਹਾ ਕਿ ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਡਰਾ ਧਮਕਾ ਕੇ ਕੁਝ ਅਜਿਹੇ ਸ਼ਰਾਰਤੀ ਅਨਸਰ ਗਲਤ ਕੰਮ ਕਰਵਾਉਣ ਲਈ ਮਜਬੂਰ ਕਰਦੇ ਰਹੇ ਹਨ, ਹੁਣ ਹਾਊਸ ਦੀ ਮੀਟਿੰਗ ਵਿਚ ਇਨ੍ਹਾਂ ਅਨਸਰਾਂ ਉੱਪਰ ਸ਼ਿਕੰਜਾ ਕੱਸਿਆ ਜਾਵੇਗਾ ਤਾਂ ਜੋ ਮੁੜ ਸੰਗਰੂਰ ਦੇ ਸ਼ਹਿਰੀ ਜਾਂ ਨਗਰ ਕੌਂਸਲ ਦੇ ਕਰਮਚਾਰੀ ਪ੍ਰੇਸ਼ਾਨ ਨਾ ਹੋਣ |