ਲੌਂਗੋਵਾਲ, 21 ਦਸੰਬਰ (ਵਿਨੋਦ, ਖੰਨਾ)-ਅਧਿਆਪਕ ਜਥੇਬੰਦੀ ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਵਲੋਂ ਹਰ ਸਾਲ ਕਰਵਾਈ ਜਾਣ ਵਾਲੀ ਵਜ਼ੀਫ਼ਾ ਪ੍ਰੀਖਿਆ ਅੱਜ ਜ਼ਿਲ੍ਹੇ ਦੇ ਵੱਖ-ਵੱਖ ਕੇਂਦਰਾਂ ਵਿਚ ਸਫ਼ਲਤਾ ਪੂਰਵਕ ਸੰਪੰਨ ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇੜਲੇ ਪਿੰਡ ਰੱਤੋਕੇ ਦੇ ਪ੍ਰੀਖਿਆ ਕੇਂਦਰ ਵਿਖੇ ਮੁੱਖ ਪ੍ਰਬੰਧਕ ਚੰਦਰ ਸ਼ੇਖਰ ਨੇ ਦੱਸਿਆ ਕਿ ਇਸ ਪ੍ਰੀਖਿਆ ਕੇਂਦਰ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕੈਟਾਗਰੀ ਦੇ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਕੁੱਲ 120 ਵਿਦਿਆਰਥੀਆਂ ਨੇ ਭਾਗ ਲਿਆ | ਜਿਸ ਵਿਚ ਪੰਜਵੀਂ ਦੇ 58, ਅੱਠਵੀਂ ਦੇ 43 ਅਤੇ ਦਸਵੀਂ ਦੇ 19 ਵਿਦਿਆਰਥੀ ਸ਼ਾਮਲ ਹਨ | ਉਨ੍ਹਾਂ ਦੱਸਿਆ ਕਿ ਇਸ ਸਾਲ ਇਹ ਪ੍ਰੀਖਿਆ ਸੰਗਰੂਰ ਜ਼ਿਲ੍ਹੇ ਦੀ ਮਹਾਨ ਸੁਤੰਤਰਤਾ ਸੰਗਰਾਮਣ ਗ਼ਦਰੀ ਬੀਬੀ ਗੁਲਾਬ ਕੌਰ ਦੇ 100ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ | ਇਸ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਨਮੂਨੇ ਦੀ ਨਕਲ ਰਹਿਤ ਮੁਕਾਬਲਾ ਪ੍ਰੀਖਿਆ ਦਾ ਅਨੁਭਵ ਦੇਣਾ ਅਤੇ ਉਨ੍ਹਾਂ ਵਿਚ ਵਿਗਿਆਨਕ ਦਿ੍ਸ਼ਟੀਕੋਣ, ਸਮਾਜਵਾਦ, ਧਰਮ ਨਿਰਪੱਖਤਾ, ਦੇਸ਼-ਭਗਤੀ ਜਿਹੀਆਂ ਕਦਰਾਂ ਕੀਮਤਾਂ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਮਹਾਨ ਵਿਰਸੇ ਨਾਲ ਜੋੜਨਾ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ ਜਥੇਬੰਦੀ ਦੇ ਮੌਜੂਦਾ ਅਤੇ ਰਿਟਾਇਰਡ ਆਗੂਆਂ ਅਤੇ ਕਾਰਕੁਨਾਂ ਅਤੇ ਹਮਦਰਦਾਂ ਦੇ ਸਹਿਯੋਗ ਨਾਲ ਪਿਛਲੇ 36 ਸਾਲਾਂ ਤੋਂ ਆਯੋਜਿਤ ਕੀਤੀ ਜਾ ਰਹੀ ਹੈ | ਇਸ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚੜ੍ਹਾਉਣ ਵਿਚ ਸ੍ਰੀ ਰਾਮ ਕਿ੍ਸ਼ਨ ਤੋਗਾਵਾਲ, ਸੁਰਿੰਦਰ ਸਿੰਘ ਰੱਤੋਕੇ, ਮੈਡਮ ਰੇਨੂੰ ਬਾਲਾ ਰੱਤੋਕੇ, ਮੈਡਮ ਸਿਮਰਜੀਤ ਕੌਰ ਸਾਹੋਕੇ, ਮੈਡਮ ਸੰਤੋਸ਼ ਰਾਣੀ ਸਾਹੋਕੇ, ਮਲਕੀਤ ਸਿੰਘ ਟੀਚਰ ਢੱਡਰੀਆਂ, ਜਗਸੀਰ ਸਿੰਘ ਤੋਗਾਵਾਲ, ਬਲਵਿੰਦਰ ਸਿੰਘ ਦਿਆਲਗੜ੍ਹ ਦਾ ਯੋਗਦਾਨ ਰਿਹਾ |