ਧੂਰੀ, 28 ਦਸੰਬਰ (ਸੰਜੇ ਲਹਿਰੀ, ਲਖਵੀਰ ਸਿੰਘ ਧਾਂਦਰਾ)-ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਧੂਰੀ ਵਿਧਾਨ ਸਭਾ ਹਲਕੇ ਵਿਚ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਯੋਜਨਾਬੱਧ ਢੰਗ ਨਾਲ 329 ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ, ਅਤੇ ਹਲਕਾ ਧੂਰੀ ਅਤੇ ਧੂਰੀ ਸ਼ਹਿਰ ਨੂੰ ਇੱਕ ਮਾਡਲ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਹਲਕਾ ਧੂਰੀ ਜੋ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਵਿਧਾਨ ਸਭਾ ਹਲਕੇ ਵਜੋਂ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ ਇੱਥੇ ਮਈ 2025 ਵਿਚ ਸਥਾਪਤ ਕੀਤਾ ਗਿਆ ਮੁੱਖ ਮੰਤਰੀ ਸਹਾਇਤਾ ਕੇਂਦਰ ਹਲਕਾ ਵਾਸੀਆਂ ਨੂੰ ਨਾਗਰਿਕ-ਕੇਂਦਿ੍ਤ ਸ਼ਾਸਨ ਪ੍ਰਦਾਨ ਕਰਨ ਵਿਚ ਅਤੇ ਆਪਣੇ ਹਲਕੇ ਦੇ ਵਿਧਾਇਕ ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨਾਲ ਸਿੱਧਾ ਰਾਬਤਾ ਬਣਾਉਣ ਵਿਚ ਸਹਾਈ ਹੋਇਆ ਹੈ | ਦਫ਼ਤਰ ਵਿਚ ਲੋਕ ਨੁਮਾਇੰਦੇ ਅਤੇ ਸਰਕਾਰੀ ਅਧਿਕਾਰੀ ਆਪਣੀ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕਰਦੇ ਹੋਏ ਇੱਕ ਮਜ਼ਬੂਤ ਕੜੀ ਵੱਜੋ ਕੰਮ ਕਰ ਰਹੇ ਹਨ ਅਤੇ ਸਮੇਂ-ਸਮੇਂ 'ਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਫ਼ਤਰ ਵਿਖੇ ਆ ਕੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਦੇ ਹਨ | ਸਿੱਖਿਆ ਤੇ ਖੇਡਾਂ ਦੇ ਖੇਤਰ ਵਿਚ ਵੀ ਧੂਰੀ ਨੂੰ 1.59 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਅਤਿ-ਆਧੁਨਿਕ ਜਨਤਕ ਲਾਇਬ੍ਰੇਰੀ ਲੋਕਾਂ ਲਈ ਖੋਲ੍ਹੀ ਗਈ, ਇਸ ਦੇ ਨਾਲ ਹੀ ਧੂਰੀ ਵਿਚ ਅਤਿ-ਆਧੁਨਿਕ ਖੇਡ ਸਟੇਡੀਅਮ ਦੀ ਯੋਜਨਾ ਨੂੰ ਅਮਲੀ ਰੂਪ ਦਿੱਤਾ ਗਿਆ | ਸਿਹਤ ਸੇਵਾਵਾਂ ਦੇ ਖੇਤਰ ਵਿਚ ਹਲਕੇ ਵਿਚ ਬਣੇ 10 ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਘਰਾਂ ਦੇ ਨੇੜੇ ਹੀ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਗਈਆਂ ਅਤੇ ਹੋਰ 3 ਨਵੇਂ ਆਮ ਆਦਮੀ ਕਲੀਨਿਕ ਬਣ ਕੇ ਤਿਆਰ ਹਨ ਜੋ ਜਲਦੀ ਹੀ ਹਲਕਾ ਵਾਸੀਆਂ ਨੂੰ ਸਮਰਪਿਤ ਕੀਤੇ ਜਾਣਗੇ | ਇਸ ਦੇ ਨਾਲ ਹੀ ਧੂਰੀ ਵਿਖੇ ਤਕਰੀਬਨ 22 ਕਰੋੜ ਰੁਪਏ ਦੀ ਲਾਗਤ ਨਾਲ ਸਬ ਡਵੀਜ਼ਨਲ ਹਸਪਤਾਲ ਅਤੇ ਮੈਟਰਨਲ ਤੇ ਚਾਈਲਡ ਕੇਅਰ ਬਿਲਡਿੰਗ ਦੇ ਨਵੇਂ ਬਲਾਕ ਦੀ ਉਸਾਰੀ ਦੇ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ, ਧੂਰੀ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਲਈ 3.35 ਕਰੋੜ ਰੁਪਏ ਦੀ ਲਾਗਤ ਨਾਲ ਇਤਿਹਾਸਿਕ ਕ੍ਰਾਂਤੀ ਚੌਕ, ਐੱਮਸੀ ਪਾਰਕ, ਇਨਡੋਰ ਸਪੋਰਟਸ ਹਾਲ ਅਤੇ ਪਟਵਾਰ ਖ਼ਾਨੇ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਧੂਰੀ ਸ਼ਹਿਰ ਦੀ ਪ੍ਰਮੁੱਖ ਸਿਨਮਾ ਰੋਡ ਨੂੰ 41 ਲੱਖ ਰੁਪਏ ਦੀ ਲਾਗਤ ਨਾਲ 116 ਐਲ.ਈ.ਡੀ. ਸਟਰੀਟ ਲਾਈਟਾਂ ਨਾਲ ਰੌਸ਼ਨ ਕਰਨ ਦਾ ਕੰਮ ਜੰਗੀ ਪੱਧਰ 'ਤੇ ਕੀਤਾ ਜਾ ਰਿਹਾ ਹੈ | ਧੂਰੀ ਵਿਧਾਨ ਸਭਾ ਹਲਕੇ ਵਿਚ ਪਿੰਡਾਂ ਦੀਆਂ ਫਿਰਨੀਆਂ ਤੇ ਨਵੀਨੀਕਰਨ ਅਤੇ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਵੀ ਜੰਗੀ ਪੱਧਰ 'ਤੇ ਕੀਤਾ ਗਿਆ ਹੈ ਅਤੇ ਕਰੀਬ 100 ਕਰੋੜ ਰੁਪਏ ਨਾਲ ਸੜਕਾਂ ਦਾ ਕੰਮ ਕੀਤਾ ਜਾ ਰਿਹਾ ਹੈ | ਧੂਰੀ ਹਲਕੇ ਅੰਦਰ ਕਰੀਬ 329 ਕਰੋੜ ਰੁਪਏ ਨਾਲ 980 ਕੰਮ ਜਿਸ ਵਿਚ 43 ਕੰਮ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, 48 ਕੰਮ ਪੰਜਾਬ ਮੰਡੀ ਬੋਰਡ, 130 ਕੰਮ ਪੰਚਾਇਤੀ ਰਾਜ ਵਿਭਾਗ, 24 ਲੋਕ ਨਿਰਮਾਣ ਵਿਭਾਗ, 80 ਕੰਮ ਸਿੱਖਿਆ ਵਿਭਾਗ, 37 ਨਗਰ ਕੌਂਸਲ ਧੂਰੀ, 369 ਕੰਮ ਬੀ.ਡੀ.ਪੀ.ਓ. ਧੂਰੀ ਅਤੇ 121 ਕੰਮ ਬੀ.ਡੀ.ਪੀ.ਓ. ਸ਼ੇਰਪੁਰ ਵਲੋਂ ਮੁਕੰਮਲ ਕਰ ਦਿੱਤੇ ਗਏ ਹਨ | ਕੁਲ ਮਿਲਾ ਕੇ ਸਾਲ 2025 ਦੌਰਾਨ ਧੂਰੀ ਹਲਕੇ ਵਿਚ ਸੜਕਾਂ, ਸਿੱਖਿਆ, ਖੇਡਾਂ ਅਤੇ ਜਨਤਕ ਢਾਂਚੇ ਨਾਲ ਸੰਬੰਧਿਤ ਕੀਤੇ ਗਏ ਇਹ ਵਿਕਾਸ ਕਾਰਜ ਇਸ ਗੱਲ ਦਾ ਪ੍ਰਮਾਣ ਹਨ ਕਿ ਧੂਰੀ ਦਾ ਸਰਬਪੱਖੀ ਵਿਕਾਸ ਕਰ ਕੇ ਇਸ ਨੂੰ ਮਾਡਲ ਸ਼ਹਿਰ ਵਜੋਂ ਤਿਆਰ ਕੀਤਾ ਗਿਆ ਜਾ ਰਿਹਾ ਹੈ |