ਧੂਰੀ, 28 ਦਸੰਬਰ (ਸੰਜੇ ਲਹਿਰੀ)-ਟਕਸਾਲੀ ਕਾਂਗਰਸੀ ਆਗੂ ਸ੍ਰੀ ਹੰਸ ਰਾਜ ਗੁਪਤਾ ਅਤੇ ਗੁਰਬਖ਼ਸ਼ ਸਿੰਘ ਗੁੱਡੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਧੂਰੀ ਵਿਖੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਜੋ ਨਵੀਂ ਵਾਰਡਬੰਦੀ ਕੀਤੀ ਗਈ ਹੈ ਉਹ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ ਹੈ | ਸ੍ਰੀ ਹੰਸ ਰਾਜ ਗੁਪਤਾ ਅਤੇ ਗੁਰਬਖ਼ਸ਼ ਸਿੰਘ ਗੁੱਡੂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਧੂਰੀ ਸ਼ਹਿਰ ਨੂੰ ਰੇਲਵੇ ਲਾਈਨ ਨੇ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਹੈ ਜੇਕਰ ਇਹ ਕਹਿ ਲਈਏ ਕਿ ਧੂਰੀ ਦੇ ਮਲੇਰਕੋਟਲਾ ਸਾਈਡ ਵਾਲੇ ਰੇਲਵੇ ਲਾਈਨ ਪਾਰ ਦੇ ਵਸਨੀਕ ਆਪਣੀ ਜ਼ਿਆਦਾਤਰ ਖ਼ਰੀਦਦਾਰੀ ਉਧਰੋਂ ਹੀ ਕਰਦੇ ਹਨ ਅਤੇ ਰੇਲਵੇ ਲਾਈਨ ਦੇ ਸੰਗਰੂਰ ਸਾਈਡ ਵਾਲੇ ਪਾਸੇ ਦੇ ਲੋਕ ਬਿਨ੍ਹਾਂ ਕੰਮ ਤੋਂ ਰੇਲਵੇ ਲਾਈਨ ਪਾਸ ਕਰਨ ਤੋਂ ਅਕਸਰ ਗੁਰੇਜ਼ ਕਰਦੇ ਹਨ ਕਿਉਂਕਿ ਧੂਰੀ ਨੂੰ ਦੋ ਹਿੱਸਿਆਂ ਵਿਚ ਵੰਡਣ ਵਾਲੇ ਰੇਲਵੇ ਫਾਟਕ ਅਕਸਰ ਲੰਮਾ ਸਮਾਂ ਬੰਦ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਨੇ ਇਸ ਵਾਰ ਵਾਰਡਾਂ ਦੀ ਵਾਰਡ ਬੰਦੀ ਕਰਨ ਵੇਲੇ ਕੁਝ ਵਾਰਡਾਂ ਵਿਚ ਰੇਲਵੇ ਲਾਈਨ ਤੋਂ ਪਰਲਾ ਪਾਸਾ ਵੀ ਵਾਰਡਾਂ ਵਿਚ ਸ਼ਾਮਿਲ ਕਰ ਦਿੱਤਾ ਹੈ | ਜਿਸ ਨਾਲ ਵਾਰਡਾਂ ਨਾਲ ਸਬੰਧਤ ਲੋਕਾਂ ਨੂੰ ਆਪਣੇ ਕੰਮਕਾਰ ਕਰਵਾਉਣ ਲਈ ਜਦੋਂ ਨਗਰ ਕੌਂਸਲਰ ਦੀ ਜ਼ਰੂਰਤ ਪਵੇਗੀ ਤਾਂ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਵਾਰਡਾਂ ਦੀ ਤਰੋੜ ਮਰੋੜ ਕਰ ਕੇ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ | ਕਾਂਗਰਸੀ ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਨੂੰ ਵਾਰਡਬੰਦੀ ਕਰਨ ਵੇਲੇ ਲੋਕਾਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਸੀ ਅਤੇ ਤੁਰੰਤ ਇਸ ਨਵੀਂ ਵਾਰਡਬੰਦੀ ਨੂੰ ਰੱਦ ਕਰ ਕੇ ਮੁੜ ਪੁਰਾਣੇ ਵਾਰਡਾਂ ਨੂੰ ਹੀ ਬਹਾਲ ਕਰਨਾ ਚਾਹੀਦਾ ਹੈ |