ਮਲੇਰਕੋਟਲਾ, 28 ਦਸੰਬਰ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਬੀਤੇ ਦਿਨੀਂ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਭੂਦਨ ਵਿਖੇ ਇੱਕ ਪਰਿਵਾਰ ਦੇ 3 ਜੀਆਂ ਵਲੋਂ ਖ਼ੁਦਕੁਸ਼ੀ ਕਰਨ ਦੀ ਹਿਰਦੇਵੇਦਕ ਘਟਨਾ ਸਾਹਮਣੇ ਆਈ ਸੀ | ਮਿ੍ਤਕਾਂ ਦੇ ਵਿਚ ਇੱਕ 11 ਸਾਲ ਦਾ ਮਾਸੂਮ ਬੱਚਾ ਜੌਰਡਨ ਸਿੰਘ ਵੀ ਸ਼ਾਮਿਲ ਸੀ | ਇਸ ਘਟਨਾ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਲੋਕਾਂ ਨੂੰ ਹਲੂਣ ਕੇ ਰੱਖ ਦਿੱਤਾ | ਪਿਛਲੇ ਦਿਨਾਂ ਤੋਂ ਇਹ ਮਾਮਲਾ ਸੁਲਝਣ ਦੀ ਬਜਾਏ ਪੇਚੀਦਾ ਬਣਦਾ ਜਾ ਰਿਹਾ ਹੈ | ਇਸ ਮਾਮਲੇ ਸਬੰਧੀ ਮਲੇਰਕੋਟਲਾ ਅਧੀਨ ਪੈਂਦੇ ਥਾਣਾ ਸੰਦੌੜ ਦੀ ਪੁਲਿਸ ਵਲੋਂ ਕਾਰਵਾਈ ਕਰਦੇ ਹੋਏ 10 ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ | ਬੀਤੇ ਦਿਨਾਂ ਤੋਂ ਥਾਣਾ ਸੰਦੌੜ ਦੇ ਅੱਗੇ ਮਿ੍ਤਕ ਪਰਿਵਾਰ ਦੇ ਸਮਰਥਕਾਂ ਵਲੋਂ ਧਰਨਾ ਲਗਾ ਕੇ ਇਸ ਮਾਮਲੇ 'ਚ ਸਾਰੇ ਵਿਅਕਤੀਆਂ ਨੂੰ ਗਿ੍ਫ਼ਤਾਰ ਤੇ ਦਰਜ ਪਰਚੇ 'ਚ ਵਾਧਾ ਕਰਨ ਦੀ ਮੰਗ ਕੀਤੀ ਗਈ ਸੀ | ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਚਿਰ ਮਿ੍ਤਕਾਂ ਦਾ ਸਸਕਾਰ ਨਹੀਂ ਕੀਤਾ ਜਾਵੇਗਾ, ਜਿਨ੍ਹਾਂ ਚਿਰ ਉਹ ਕਾਰਵਾਈ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦੇ | ਉਸ ਤੋਂ ਬਾਅਦ ਮਲੇਰਕੋਟਲਾ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਪਹੁੰਚੇ ਜਥੇਦਾਰ ਤਰਸੇਮ ਸਿੰਘ ਭੂਦਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਕਰਮਜੀਤ ਸਿੰਘ ਆਦਿ ਨੇ ਆਖਿਆ ਕਿ ਉਨ੍ਹਾਂ ਨੂੰ ਤੇ ਪਿੰਡ ਵਾਸੀਆਂ ਨੂੰ ਮਿ੍ਤਕ ਪਰਿਵਾਰ ਦੇ ਨਾਲ ਦਿਲੋਂ ਹਮਦਰਦੀ ਹੈ ਪ੍ਰੰਤੂ ਇਸ ਮਾਮਲੇ ਦੇ ਵਿਚ ਕਿਸੇ ਵੀ ਵਿਅਕਤੀ ਦੇ ਨਾਲ ਬੇਇਨਸਾਫ਼ੀ ਨਹੀਂ ਹੋਣੀ ਚਾਹੀਦੀ ਤੇ ਮਾਮਲੇ ਦੀ ਪੂਰੀ ਤਰ੍ਹਾਂ ਨਿਰਪੱਖ ਜਾਂਚ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਮਾਮਲੇ ਨੂੰ ਚੰਗੀ ਤਰ੍ਹਾਂ ਖੰਗਾਲਿਆ ਜਾਵੇ | ਇਸ ਅਹਿਮ ਮਾਮਲੇ ਨੂੰ ਲੈ ਕੇ ਪਿੰਡ ਭੂਦਨ ਦੇ ਵਾਸੀਆਂ ਵੱਲੋਂ ਗ੍ਰਾਮ ਸਭਾ ਬੁਲਾ ਕੇ ਬੀਤੇ ਦਿਨੀਂ ਖ਼ੁਦਕੁਸ਼ੀ ਕਰ ਗਏ ਪਰਿਵਾਰ ਦੇ ਮਾਮਲੇ 'ਚ ਉਕਤ ਦਰਜ ਹੋਏ ਪਰਚੇ ਸਬੰਧੀ ਗੰਭੀਰਤਾ ਨਾਲ ਗੱਲਬਾਤ ਕੀਤੀ ਗਈ | ਪਿੰਡ ਵਾਸੀਆਂ ਨੇ ਮਿ੍ਤਕਾਂ ਇੰਦਰਪਾਲ ਕੌਰ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਲਏ ਗਏ ਨਾਮਾਂ ਸਬੰਧੀ ਵਿਅਕਤੀਆਂ 'ਤੇ ਦਰਜ ਹੋਏ ਮੁਕੱਦਮੇ ਦੀ ਜਾਂਚ ਕਰਨ ਦੀ ਮੰਗ ਵੀ ਕੀਤੀ | ਵੱਡੀ ਗਿਣਤੀ 'ਚ ਇਕੱਠੇ ਹੋਏ ਪਿੰਡ ਵਾਸੀਆਂ ਵਲੋਂ ਕਿਸਾਨ ਯੂਨੀਅਨ ਦੇ ਸਹਿਯੋਗ ਸਦਕਾ ਜ਼ਿਲ੍ਹਾ ਪੁਲਿਸ ਮੁਖੀ ਮਲੇਰਕੋਟਲਾ ਦੇ ਦਫ਼ਤਰ ਵਿਖੇ ਜ਼ਿਲ੍ਹੇ ਦੇ ਉੱਚ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਕਿ ਖ਼ੁਦਕੁਸ਼ੀ ਮਾਮਲੇ 'ਚ ਦਰਜ ਮੁਕੱਦਮੇ ਦੀ ਮੁੜ ਤੋਂ ਨਿਰਪੱਖ ਜਾਂਚ ਕੀਤੀ ਜਾਵੇ | ਉਨ੍ਹਾਂ ਆਖਿਆ ਕਿ ਜਿਨ੍ਹਾਂ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ | ਪਿੰਡ ਦੇ ਪਤਵੰਤੇ ਆਗੂਆਂ ਨੇ ਬਣਾਈ ਗਈ ਵੀਡੀਓ ਦੀ ਜਾਂਚ ਵੀ ਮੰਗੀ | ਉਧਰ ਖ਼ੁਦਕੁਸ਼ੀ ਕਰ ਜਾਣ ਵਾਲੇ ਪਰਿਵਾਰ ਦੇ ਰਿਸ਼ਤੇਦਾਰਾਂ ਤੇ ਨੇੜਲੇ ਸੰਬੰਧੀਆਂ ਵਲੋਂ ਮਲੇਰਕੋਟਲਾ ਵਿਖੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ, ਮਿ੍ਤਕ ਇੰਦਰਪਾਲ ਕੌਰ ਦੇ ਭਰਾ ਕੁਲਦੀਪ ਸਿੰਘ, ਜਤਿੰਦਰ ਸਿੰਘ ਭੈਣੀ ਮਹਿਰਾਜ, ਕਰਨੈਲ ਸਿੰਘ ਗੰਡੇਵਾਲ, ਇਕਾਈ ਪ੍ਰਧਾਨ ਰਣਜੀਤ ਸਿੰਘ ਛੰਨਾ ਨੇ ਜਿੱਥੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ, ਉੱਥੇ ਹੀ ਕਿਹਾ ਕਿ ਦਰਜ ਪਰਚੇ ਵਿਚ ਵਾਧਾ ਕਰਕੇ ਸਾਰੇ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇ, ਨਹੀਂ ਤਾਂ ਉਹ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ | ਕਿਉਂਕਿ ਹੁਣ ਤੱਕ ਸਿਰਫ 3 ਵਿਅਕਤੀ ਹੀ ਗਿ੍ਫ਼ਤਾਰ ਕੀਤੇ ਗਏ ਹਨ | ਗੱਲਬਾਤ ਦੌਰਾਨ ਆਗੂਆਂ ਨੇ ਪੁਲਿਸ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਿਸ ਸਮੇਂ ਬੱਚੇ ਨੂੰ ਹਸਪਤਾਲ ਪਹੁੰਚਾਇਆ ਗਿਆ, ਉਸ ਦੀ ਵੀਡੀਓ ਕਿਉਂ ਨਹੀਂ ਬਣਾਈ ਗਈ | ਉਨ੍ਹਾਂ ਆਖਿਆ ਇਸ ਤੋਂ ਪਹਿਲਾਂ ਵੀ ਮਿ੍ਤਕ ਇੰਦਰਪਾਲ ਕੌਰ ਨੂੰ ਪਰਿਵਾਰ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ | ਇਸ ਲਈ ਬਹੁਤ ਸਾਰੇ ਤੱਥਾਂ ਨੂੰ ਖੰਘਾਲਨ ਦੀ ਲੋੜ ਹੈ | ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਾਫੀ ਕੁਝ ਸਾਹਮਣੇ ਆ ਸਕਦਾ ਹੈ | ਉਨ੍ਹਾਂ ਆਖਿਆ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਮਿ੍ਤਕਾਂ ਦੇਹਾਂ ਦਾ ਸਸਕਾਰ ਨਹੀਂ ਕਰਨਗੇ | ਕਿਸਾਨ ਆਗੂਆਂ ਨੇ ਆਖਿਆ ਕਿ ਅਗਲੇ ਦਿਨਾਂ ਨੂੰ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਵੱਡੀ ਕਈ ਆਗੂ ਹਾਜ਼ਰ ਸਨ |