ਬੋਹਾ, 28 ਦਸੰਬਰ (ਰਮੇਸ਼ ਤਾਂਗੜੀ)-ਆਗਾਮੀ ਨਗਰ ਪੰਚਾਇਤ ਬੋਹਾ ਦੀਆਂ ਚੋਣਾਂ 'ਚ ਕਾਬਜ਼ ਹੋਣ ਲਈ ਸੱਤਾਧਾਰੀ ਪਾਰਟੀ ਵਲੋਂ ਲੋਕਾਂ ਨੂੰ ਭੰਬਲਭੂਸੇ 'ਚ ਪਾ ਕੇ ਨਵੀਂ ਵਾਰਡਬੰਦੀ ਦੀ ਹੱਦਬੰਦੀ ਤਿਆਰ ਕੀਤੀ ਗਈ ਹੈ | ਇਸ ਵਾਰਡਬੰਦੀ ਲਈ ਮੰਡੀ ਦੇ ਲੋਕਾਂ ਦੀ ਕੋਈ ਸਲਾਹ ਨਹੀਂ ਲਈ ਗਈ ਸਗੋਂ ਲੋਕਤੰਤਰ ਦਾ ਘਾਣ ਕਰਦਿਆਂ ਮੰਡੀ ਦੇ ਸਾਰੇ ਵਾਰਡਾਂ ਦੇ ਲੋਕਾਂ ਦੇ ਪਤੇ ਆਪਣੇ ਆਪ ਹੀ ਬਦਲ ਦਿੱਤੇ ਗਏ ਹਨ | ਨੌਕਰੀਆਂ ਲੱਭਦੇ ਨੌਜਵਾਨਾਂ 'ਚ ਇਸ ਗੱਲੋਂ ਰੋਸ ਹੈ ਕਿ ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਸਬੰਧੀ ਚਿੱਠੀ ਪੱਤਰ, ਇੰਟਰਵਿਊ ਦੇ ਸੱਦੇ ਪਹਿਲਾ ਹੀ ਨਾ-ਮਾਤਰ ਮਿਲਦੇ ਹਨ ਅਤੇ ਹੁਣ ਜਦੋਂ ਉਨ੍ਹਾਂ ਦੇ ਵਾਰਡਾਂ ਦੇ ਨੰਬਰ, ਗਲੀਆਂ ਦੇ ਪਤੇ ਆਦਿ ਬਦਲ ਦਿੱਤੇ ਗਏ ਹਨ ਤਾਂ ਉਨ੍ਹਾਂ ਦੇ ਉਕਤ ਪੱਤਰ ਕਈ ਦਿਨਾਂ ਬਾਅਦ ਮਸਾਂ ਹੀ ਉਨ੍ਹਾਂ ਕੋਲ ਆਉਣਗੇ ਅਤੇ ਉਨ੍ਹਾਂ ਦੀ ਇੰਟਰਵਿਊ ਦਾ ਸਮਾਂ ਲੰਘ ਜਾਵੇਗਾ | ਵਾਰਡਬੰਦੀ 'ਚ ਭਾਰੀ ਤਬਦੀਲੀ ਕਰ ਕੇ ਸਰਟੀਫਿਕੇਟਾਂ ਅੰਦਰ ਸਾਰੇ ਲੋਕਾਂ ਦੇ ਪਤੇ ਬਦਲ ਦਿੱਤੇ ਗਏ ਹਨ | ਵਾਰਡਬੰਦੀ 'ਚ ਕੀਤੀ ਤਬਦੀਲੀ ਦੇ ਵਿਰੋਧ 'ਚ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਸਾਰੇ ਵਾਰਡਾਂ ਦੇ ਲੋਕਾਂ ਦਾ ਭਾਰੀ ਇਕੱਠ ਹੋਇਆ | ਸੰਬੋਧਨ ਕਰਦਿਆਂ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੋਹਾ, ਅਵਤਾਰ ਸਿੰਘ, ਸਰਦੂਲ ਸਿੰਘ ਸਾਬਕਾ ਸਰਪੰਚ ਬੋਹਾ, ਸਾਬਕਾ ਐਮ.ਸੀ. ਸ਼ਿੰਦਰਪਾਲ ਸਿੰਘ, ਸਾਬਕਾ ਪ੍ਰਧਾਨ ਸੁਨੀਲ ਗੋਇਲ ਸਮੇਤ ਮੁਹਤਬਰ ਲੋਕਾਂ ਨੇ ਕਿਹਾ ਕਿ ਵਾਰਡਬੰਦੀ 'ਚ ਵੱਡੀਆਂ ਤਬਦੀਲੀਆਂ ਕਰ ਕੇ ਵਾਰਡਾਂ ਦੇ ਨਾਂਅ ਹੀ ਬਦਲ ਦਿੱਤੇ ਗਏ ਹਨ | ਵੋਟਾਂ ਇੱਧਰ-ਉੱਧਰ ਕਰ ਕੇ ਚੋਣ ਜਿੱਤਣ ਦਾ ਰਾਹ ਪੱਧਰਾ ਕੀਤਾ ਗਿਆ ਹੈ | ਆਗੂਆਂ ਨੇ ਕਿਹਾ ਕਿ ਬੋਹਾ 'ਚ 50 ਹਜ਼ਾਰ ਆਧਾਰ ਕਾਰਡ ਹਨ | ਜਿਨ੍ਹਾਂ ਨੂੰ ਦੁਬਾਰਾ ਬਣਾਉਣ 'ਤੇ ਪ੍ਰਤੀ ਮੈਂਬਰ ਭਾਰੀ ਖਰਚਾ ਆਵੇਗਾ | ਇਕੱਤਰ ਹੋਏ ਲੋਕਾਂ ਨੇ ਇਸ ਵਾਰਡਬੰਦੀ ਨੂੰ ਨਾਮਨਜ਼ੂਰ ਕੀਤਾ ਅਤੇ ਮੰਗ ਕੀਤੀ ਕਿ ਬੋਹਾ 'ਚ ਪਹਿਲਾ ਵਾਲੀ ਵਾਰਡਬੰਦੀ ਹੀ ਰੱਖੀ ਜਾਵੇ ਤਾਂ ਜੋ ਵੋਟਰ ਤੇ ਆਮ ਲੋਕ ਖ਼ੱਜਲ-ਖ਼ੁਆਰੀ ਤੋਂ ਬਚ ਸਕਣ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਵਾਰਡਬੰਦੀ ਪਹਿਲਾਂ ਵਾਲੀ ਨਾ ਰੱਖੀ ਗਈ ਤਾਂ ਉਹ ਸੜਕਾਂ 'ਤੇ ਉੱਤਰਨਗੇ | ਵਾਰਡਬੰਦੀ ਦੇ ਮੁੱਦੇ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਵੇਗਾ | ਅਵਤਾਰ ਸਿੰਘ ਨਿੱਕਾ, ਮਿੱਠੂ ਸਿੰਘ ਐਮ.ਸੀ. ਸਮੇਤ ਸੈਂਕੜੇ ਲੋਕਾਂ ਨੇ ਕਿਹਾ ਕਿ ਵਾਰਡਬੰਦੀ ਬਦਲ ਕੇ ਇੱਕ ਪਰਿਵਾਰ ਦਾ ਹਜ਼ਾਰ ਰੁਪਏ ਖਰਚਾ ਵਧਾ ਦਿੱਤਾ ਹੈ | ਮੰਡੀ 'ਚ ਨਗਰ ਪੰਚਾਇਤ ਵਲੋਂ ਹਾਲ ਹੀ 'ਚ ਗਲੀਆਂ ਦੇ ਦਰਾਂ 'ਤੇ ਲਗਾਏ ਫੱਟੇ ਅਤੇ ਪਤੇ ਬਦਲਣ ਨਾਲ ਲੋਕਾਂ 'ਤੇ ਲੱਖਾਂ ਰੁਪਏ ਬੋਝ ਪਵੇਗਾ | ਗੁਸਾਈਾ ਲੋਕਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ |