ਮੁੱਦਕੀ, 1 ਜੂਨ (ਭਾਰਤ ਭੂਸ਼ਨ ਅਗਰਵਾਲ)-ਇਤਿਹਾਸਕ ਕਸਬਾ ਮੁੱਦਕੀ ਦੀਆਂ ਵੱਖ-ਵੱਖ ਸੜਕਾਂ 'ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਮੁੱਦਕੀ ਦੀ ਸੰੁਦਰਤਾ ਨੂੰ ਗ੍ਰਹਿਣ ਲੱਗਾ ਹੋਇਆ ਹੈ | ਕਸਬੇ ਵਿਚ ਬਾਘਾ ਪੁਰਾਣਾ ਰੋਡ ਅਤੇ ਹੋਰਨਾਂ ਥਾਵਾਂ 'ਤੇ ਸੜਕਾਂ ਦੇ ਕਿਨਾਰਿਆਂ 'ਤੇ ਕੂੜੇ ਦੇ ਢੇਰ ਲਗਾ ਕੇ ਸੜਕ ਨੂੰ ਡੰਪ ਬਣਾ ਦਿੱਤਾ ਹੈ | ਇਸ ਸੜਕ 'ਤੇ ਕਈ ਪਿੰਡਾਂ ਦਾ ਕੂੜਾ, ਗੋਹਾ, ਕੈਮੀਕਲ ਵੇਸਟਜ਼ ਵੱਡੀ ਪੱਧਰ 'ਤੇ ਰਾਤ-ਬਰਾਤ ਸੁੱਟ ਦਿੱਤਾ ਜਾਂਦਾ ਹੈ | ਇਸ ਮਾਰਗਾਂ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਗੰਦਗੀ ਦੇ ਆਲਮ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਇੱਥੇ ਰਹਿਣ ਵਾਲੇ ਲੋਕਾਂ ਦਾ ਬਦਬੂ ਕਾਰਨ ਰਹਿਣਾ ਮੁਹਾਲ ਹੋਇਆ ਪਿਆ ਹੈ ਅਤੇ ਉਨ੍ਹਾਂ ਨੂੰ ਇਸ ਤੋਂ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ | ਸਥਾਨਕ ਕਸਬਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਕਸਬੇ ਦੀ ਸਾਫ਼-ਸਫ਼ਾਈ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਜਾਣ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ 'ਤੇ ਸ਼ਹਿਰਾਂ ਵਾਂਗ ਵੱਡੇ ਡੰਪ ਬਣਵਾ ਕੇ ਵੱਖ-ਵੱਖ ਥਾਵਾਂ 'ਤੇ ਰੱਖੇ ਤਾਂ ਜੋ ਲੋਕ ਕੂੜਾ-ਕਰਕਟ ਇਨ੍ਹਾਂ ਡੰਪਾਂ 'ਚ ਸੁੱਟਣ |