ਜ਼ੀਰਾ, 2 ਜੂਨ (ਪ੍ਰਤਾਪ ਸਿੰਘ ਹੀਰਾ, ਰਜਨੀਸ਼ ਕਥੂਰੀਆ)-ਜ਼ੀਰਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਸੁਖਮਨੀ ਹਸਪਤਾਲ ਅੱਗੇ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵਲੋਂ ਇਕ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਅੱਗੇ ਰੱਖ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਦੱਸਿਆ ਕਿ ਇਹ ਨੌਜਵਾਨ ਜਰਨੈਲ ਸਿੰਘ (40) ਪੁੱਤਰ ਚੂੜ ਸਿੰਘ ਵਾਸੀ ਪਿੰਡ ਲਹਿਰਾ ਰੋਹੀ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਕੁੱਝ ਦਿਨ ਪਹਿਲਾਂ ਇਸ ਦੀ ਦਾੜ੍ਹ ਦੁਖਣ ਕਰਕੇ ਇਸ ਨੂੰ 23 ਮਈ ਦੀ ਰਾਤ 12 ਵਜੇ ਇਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ | ਉਨ੍ਹਾਂ ਦੱਸਿਆ ਕਿ ਮੈਂ ਖ਼ੁਦ ਵੀ ਇਸ ਦਾ ਪਤਾ ਲੈਣ ਆਇਆ ਸੀ ਤਾਂ ਡਾਕਟਰਾਂ ਨੇ ਕਿਹਾ ਕਿ ਇਸ ਦੀ ਸਥਿਤੀ ਬਿਲਕੁਲ ਠੀਕ ਹੈ, ਪਰ ਉਸੇ ਦਿਨ ਹੀ ਹਸਪਤਾਲ ਪ੍ਰਬੰਧਕਾਂ ਵਲੋਂ ਪਰਿਵਾਰਕ ਮੈਂਬਰਾਂ ਨੂੰ ਕਿਹਾ ਗਿਆ ਕਿ ਮਰੀਜ਼ ਦੀ ਹਾਲਤ ਨਾਜ਼ੁਕ ਹੈ, ਇਸ ਲਈ ਇਸ ਨੂੰ ਹੋਰ ਕਿਸੇ ਹਸਪਤਾਲ ਲੈ ਜਾਓ ਤਾਂ ਪਰਿਵਾਰਕ ਮੈਂਬਰਾਂ ਨੇ 25 ਮਈ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਦਾਖਲ ਕਰਵਾਇਆ ਗਿਆ | ਇਲਾਜ ਦੇ ਚੱਲਦਿਆਂ 2 ਜੂਨ ਨੂੰ ਤੜਕੇ ਇਸ ਦੀ ਮੌਤ ਹੋ ਗਈ ਹੈ | ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਦੇ ਡਾਕਟਰਾਂ ਦੀ ਰਿਪੋਰਟ ਅਨੁਸਾਰ ਮਰੀਜ਼ ਦੇ ਸਰੀਰ ਵਿਚ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਅਤੇ ਇਨਫੈਕਸ਼ਨ ਦੇ ਚੱਲਦਿਆਂ ਹੀ ਇਸ ਦੀ ਦਾੜ੍ਹ ਦਾ ਆਪ੍ਰੇਸ਼ਨ ਕੀਤਾ ਗਿਆ, ਜੋ ਇਸ ਦੀ ਮੌਤ ਦਾ ਕਾਰਨ ਬਣਿਆ ਹੈ | ਇਸ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਕਾਰਨ ਹੀ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ | ਓਧਰ ਜਦੋਂ ਹਸਪਤਾਲ ਦੇ ਮਾਲਕ ਸੰਜੀਵ ਨਾਰੰਗ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਮਰੀਜ਼ ਦੀ ਸਥਿਤੀ ਬਾਰੇ ਸਮੇਂ-ਸਮੇਂ 'ਤੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਉਂਦੇ ਰਹੇ ਹਾਂ ਅਤੇ ਅਸੀਂ ਖ਼ੁਦ ਇਸ ਨੂੰ 24 ਮਈ ਨੂੰ ਫ਼ਰੀਦਕੋਟ ਵਿਖੇ ਬਿਹਤਰ ਇਲਾਜ ਲਈ ਰੈਫ਼ਰ ਕੀਤਾ ਸੀ | ਉਨ੍ਹਾਂ ਕਿਹਾ ਕਿ ਮਰੀਜ਼ ਦੀ ਮੌਤ ਫ਼ਰੀਦਕੋਟ ਵਿਖੇ ਸੱਤ ਦਿਨ ਦਾਖਲ ਰਹਿਣ ਤੋਂ ਬਾਅਦ ਹੋਈ ਹੈ, ਇਸ ਵਿਚ ਸਾਡਾ ਕੀ ਕਸੂਰ ਹੈ | ਮਿ੍ਤਕ ਆਪਣੇ ਪਿੱਛੇ ਤਿੰਨ ਧੀਆਂ ਅਤੇ ਇਕ ਪੁੱਤਰ ਨੂੰ ਰੋਂਦਿਆਂ ਵਿਲਕਦਿਆਂ ਛੱਡ ਗਿਆ ਹੈ | ਸਥਿਤੀ ਨੂੰ ਵੇਖਦਿਆਂ ਹੋਇਆਂ ਸਿਟੀ ਪੁਲਿਸ ਜ਼ੀਰਾ ਵਲੋਂ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਹਸਪਤਾਲ ਦੇ ਬਾਹਰ ਤਾਇਨਾਤ ਕੀਤਾ ਗਿਆ ਹੈ | ਖ਼ਬਰ ਲਿਖੇ ਜਾਣ ਤੱਕ ਜਥੇਬੰਦੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਰੋਸ ਧਰਨਾ ਜਾਰੀ ਸੀ |
ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਹਸਪਤਾਲ ਅੱਗੇ ਲਾਸ਼ ਰੱਖ ਕੇ ਲਗਾਇਆ ਧਰਨਾ
ਅਜੀਤ ਡੈਸਕ
03-06-2025