ਜ਼ੀਰਾ, 2 ਜੂਨ (ਪ੍ਰਤਾਪ ਸਿੰਘ ਹੀਰਾ)-ਦੋ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਅਤੇ ਭਵਿੱਖ ਦੀ ਅਨਿਸ਼ਚਤਾ ਸਬੰਧੀ ਫ਼ਰਦ ਕੇਂਦਰਾਂ ਦੇ ਕੰਪਿਊਟਰ ਆਪ੍ਰੇਟਰਾਂ ਵਲੋਂ ਐੱਸ.ਡੀ.ਐੱਮ. ਨੂੰ ਮੰਗ ਪੱਤਰ ਸੌਂਪ ਕੇ ਅਣਮਿਥੇ ਸਮੇਂ ਦੀ ਹੜਤਾਲ ਦਾ ਐਲਾਨ ਕੀਤਾ ਹੈ | ਇਸ ਸਬੰਧੀ ਪੈ੍ਰੱਸ ਨੋਟ ਜਾਰੀ ਕਰਦੇ ਹੋਏ ਕੁਲਵੰਤ ਸਿੰਘ ਢੇਰੂ ਨੇ ਦੱਸਿਆ ਕਿ 900 ਤੋਂ ਵੱਧ ਫ਼ਰਦ ਕੇਂਦਰ ਮੁਲਾਜ਼ਮ ਹਨ, ਕਰੀਬ 18 ਸਾਲਾਂ ਤੋਂ ਫ਼ਰਦ ਕੇਂਦਰ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਪਰ ਅਫ਼ਸੋਸ ਕਿ ਸਰਕਾਰ ਫ਼ਰਦ ਕੇਂਦਰ ਦੇ ਆਪ੍ਰੇਟਰਾਂ/ਮੁਲਾਜ਼ਮਾਂ ਨੂੰ ਘਰ ਭੇਜਣ ਦੀ ਤਿਆਰੀ ਕਰ ਚੁੱਕੀ ਹੈ, ਸਾਡੀਆਂ ਸੇਵਾਵਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ | ਇਸੇ ਫ਼ਿਕਰ ਸਬੰਧੀ ਸਾਡਾ 5 ਮੈਂਬਰੀ ਕਮੇਟੀ 17 ਮਾਰਚ 2025 ਨੂੰ ਹਰਪ੍ਰੀਤ ਸੂਦਨ ਰੈਵੀਨਿਊ ਸੈਕਟਰੀ ਪੰਜਾਬ ਅਤੇ 26 ਮਾਰਚ 2025 ਨੂੰ ਅਨੁਰਾਗ ਵਰਮਾ ਐੱਫ.ਸੀ.ਆਰ. ਪੰਜਾਬ ਅਤੇ ਦੂਸਰੀ ਵਾਰ ਹਰਪ੍ਰੀਤ ਸੂਦਨ ਰੈਵੀਨਿਊ ਸੈਕਟਰੀ ਪੰਜਾਬ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਸੀ ਕਿ ਅਸੀਂ ਤੁਹਾਡੀਆਂ ਸੇਵਾਵਾਂ ਨਹੀਂ ਖ਼ਤਮ ਕਰ ਰਹੇ ਅਤੇ ਤੁਹਾਡੇ ਲਈ ਸਾਡੇ ਕੋਲ ਰੋਡ ਮੈਪ ਤਿਆਰ ਹੈ, ਪਰ ਇਹ ਸਿਰਫ਼ ਇਕ ਝੂਠ ਦਾ ਪੁਲੰਦਾ ਅਤੇ ਇਕ ਲਾਰਾ ਸਾਬਤ ਹੁੰਦਾ ਦਿਸ ਰਿਹਾ ਹੈ, ਕਿਉਂਕਿ ਹੁਣ ਕੰਪਨੀ ਦੁਆਰਾ ਸਾਨੂੰ ਅਪੈ੍ਰਲ ਅਤੇ ਮਈ ਮਹੀਨੇ ਦੀ ਤਨਖ਼ਾਹ ਅਜੇ ਤੱਕ ਨਹੀਂ ਦਿੱਤੀ ਗਈ | ਗੱਲਬਾਤ ਦੌਰਾਨ ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਜਦੋਂ ਅਸੀਂ ਆਪਣੇ ਕੰਪਨੀ ਦੇ ਅਧਿਕਾਰੀਆਂ ਨੂੰ ਤਨਖ਼ਾਹ ਸਬੰਧੀ ਪੁੱਛਿਆ ਤੇ ਉਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ 31 ਅਕਤੂਬਰ 2024 ਤੋਂ ਬਾਅਦ ਉਨ੍ਹਾਂ ਕੰਟਰੈਕਟ ਖ਼ਤਮ ਹੋ ਗਿਆ ਹੈ ਅਤੇ ਸਰਕਾਰ ਵਲੋਂ ਕੰਟਰੈਕਟ ਦੇ ਵਾਧੇ ਵਿਚ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਸਾਡੀ ਕੋਈ ਪੇਮੈਂਟ ਰਿਲੀਜ਼ ਕੀਤੀ ਗਈ ਹੈ, ਜਿਸ ਕਰਕੇ ਕੰਪਨੀ ਸਾਨੂੰ ਅਪੈ੍ਰਲ ਅਤੇ ਮਈ ਦੀ ਤਨਖ਼ਾਹਾਂ ਦੇਣ ਵਿਚ ਅਸਮਰਥਤਾ ਦਿਖਾਈ ਹੈ | ਇਸ ਮੌਕੇ ਐੱਸ.ਡੀ.ਐਮ ਗੁਰਮੀਤ ਸਿੰਘ ਮਾਨ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਉਨ੍ਹਾਂ ਮੰਗ ਕੀਤੀ ਹੈ ਕਿ ਲਗਪਗ 900 ਤੋਂ ਵੱਧ ਸਟਾਫ਼ ਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ, ਕਿਉਂਕਿ ਆਪੇ੍ਰਟਰਜ਼ ਲੰਬੇ ਸਮੇਂ ਤੋਂ ਰੈਵੀਨਿਊ ਫ਼ੀਲਡ ਵਿਚ ਹੋਣ ਕਰਕੇ ਅਸੀਂ ਲੈਂਡ ਰਿਕਾਰਡ ਦਾ ਕੰਮ ਤਕਨੀਕੀ ਤੌਰ 'ਤੇ ਬੜੇ ਵਧੀਆ ਢੰਗ ਨਾਲ ਦੇਖ, ਸਮਝ ਅਤੇ ਚਲਾ ਸਕਦੇ ਹਾਂ, ਇਸ ਲਈ ਸਾਡੀ ਸੇਵਾਵਾਂ ਨੂੰ ਖ਼ਤਮ ਨਾ ਕੀਤਾ ਜਾਵੇ | ਅੰਤ ਵਿਚ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਫ਼ਰਦ ਕੇਂਦਰ ਨਾਲ ਸੰਬੰਧਿਤ ਕੰਮ ਕਿਸੇ ਹੋਰ ਢੰਗ ਨਾਲ ਚਲਾਉਣਾ ਚਾਹੁੰਦੀ ਹੈ ਤਾਂ ਸਾਨੂੰ ਉਸ ਪੋ੍ਰਜੈਕਟ ਅਧੀਨ ਰੱਖ ਕੇ ਕੰਮ ਕਰਵਾ ਲਿਆ ਜਾਵੇ, ਪਰ ਫ਼ਰਦ ਕੇਂਦਰ ਦੇ ਲਗਪਗ 900 ਸਟਾਫ਼ ਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ, ਸਾਡੇ ਅਤੇ ਸਾਡੇ ਬੱਚੇ ਦੇ ਭਵਿੱਖ ਬਾਰੇ ਸੋਚਿਆ ਜਾਵੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਉਦਾਸੀਨ ਰਵੱਈਏ ਕਰਕੇ ਸਮੂਹ ਫ਼ਰਦ ਕੇਂਦਰ ਸਟਾਫ਼ ਪੰਜਾਬ ਵਲੋਂ 3 ਜੂਨ ਦਿਨ ਮੰਗਲਵਾਰ ਤੋਂ ਜਦੋਂ ਤੱਕ ਉਨ੍ਹਾਂ ਦੇ ਭਵਿੱਖ ਸਬੰਧੀ ਸਰਕਾਰ ਕੋਈ ਫ਼ੈਸਲਾ ਨਹੀਂ ਲੈ ਲੈਂਦੀ, ਉਦੋਂ ਤੱਕ ਸ਼ਾਂਤੀ ਪੂਰਵਕ ਆਪਣੇ ਦਫ਼ਤਰ ਵਿਚ ਰਹਿ ਕੇ ਕਲਮ ਛੋੜ ਹੜਤਾਲ 'ਤੇ ਰਹਿਣਗੇ | ਇਸ ਸਬੰਧੀ ਗੁਰਮੀਤ ਸਿੰਘ ਮਾਨ ਐੱਸ.ਡੀ.ਐੱਮ. ਜ਼ੀਰਾ ਦਾ ਕਹਿਣਾ ਹੈ ਕਿ ਫ਼ਰਦ ਕੇਂਦਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸਰਕਾਰ ਨੂੰ ਭੇਜ ਕੇ ਇਹਨਾਂ ਦੇ ਹੱਕਾਂ ਸਬੰਧੀ ਗੱਲ ਕੀਤੀ ਜਾਵੇਗੀ |
ਫ਼ਰਦ ਕੇਂਦਰਾਂ ਦੇ ਕੰਪਿਊਟਰ ਆਪ੍ਰੇਟਰਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
ਐੱਸ.ਡੀ.ਐੱਮ. ਨੂੰ ਮੰਗ ਪੱਤਰ ਸੌਂਪਦੇ ਹੋਏ ਫ਼ਰਦ ਕੇਂਦਰ ਜ਼ੀਰਾ ਦੇ ਕਰਮਚਾਰੀ |<br/>
03-06-2025