ਫ਼ਿਰੋਜ਼ਪੁਰ, 2 ਜੂਨ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਅੰਦਰ ਕਰੋਨਾ ਨੇ 27 ਮਈ ਨੂੰ ਪਹਿਲੀ ਦਸਤਕ ਦਿੱਤੀ ਸੀ, ਜਿਸ ਪਿੱਛੋਂ ਅੱਜ ਇਕ ਹੋਰ ਨੌਜਵਾਨ ਦੇ ਪੀੜਤ ਹੋਣ ਦੀ ਜਾਣਕਾਰੀ ਮਿਲੀ ਹੈ | ਮਿਲੀ ਜਾਣਕਾਰੀ ਅਨੁਸਾਰ ਹਨੂਮਾਨਗੜ੍ਹ ਦਾ ਰਹਿਣ ਵਾਲਾ ਨੌਜਵਾਨ ਜੋ ਕਿਸੇ ਕੰਮ ਲਈ 25 ਮਈ ਤੋਂ 27 ਮਈ ਤੱਕ ਯੂ.ਪੀ. ਦੇ ਸ਼ਹਿਰ ਮੁਜ਼ੱਫ਼ਰਨਗਰ ਗਿਆ ਸੀ | ਉਕਤ ਨੌਜਵਾਨ ਦੇ ਕਰੋਨਾ ਪੀੜਤ ਹੋਣ ਦੀ ਪੁਸ਼ਟੀ ਰੇਲਵੇ ਹਸਪਤਾਲ ਫ਼ਿਰੋਜ਼ਪੁਰ ਵਲੋਂ ਰਿਪੋਰਟ ਭੇਜਣ ਪਿੱਛੋਂ ਹੋਈ ਹੈ | ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਉਕਤ ਨੌਜਵਾਨ ਨੂੰ ਸੂਰਿਆ ਐਨਕਲੇਵ, ਨੇੜੇ ਰੇਲਵੇ ਕਾਲੋਨੀ, ਫ਼ਿਰੋਜ਼ਪੁਰ ਵਿਖੇ ਰਹਿੰਦੇ ਉਸਦੇ ਮਾਤਾ ਪਿਤਾ ਕੋਲ ਇਕ ਹਫ਼ਤੇ ਲਈ ਕੁਰਆਨਟਾਇਨ ਕਰ ਦਿੱਤਾ ਗਿਆ ਹੈ | ਇਸ ਸਬੰਧੀ ਜਦ ਸਿਵਲ ਸਰਜਨ ਡਾਕਟਰ ਰਾਜਵਿੰਦਰ ਕੌਰ ਨਾਲ ਗੱਲਬਾਤ ਸਾਂਝੀ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਹਨੂਮਾਨਗੜ੍ਹ ਦਾ ਰਹਿਣ ਵਾਲਾ ਹੈ ਤੇ ਹਾਲ ਆਪਣੇ ਮਾਤਾ ਪਿਤਾ ਨਾਲ ਸੂਰਿਆ ਐਨਕਲੇਵ, ਨੇੜੇ ਰੇਲਵੇ ਕਾਲੋਨੀ, ਫ਼ਿਰੋਜ਼ਪੁਰ ਵਿਖੇ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਪਿੱਛਲੇ ਮਹੀਨੇ ਦੀ 25 ਤੋਂ 27 ਮਈ ਨੂੰ ਆਪਣੇ ਕੰਮ ਲਈ ਯੂ.ਪੀ. ਦੇ ਮੁਜ਼ੱਫ਼ਰਨਗਰ ਲਈ ਰੇਲ ਯਾਤਰਾ ਕੀਤੀ ਸੀ, ਜਿਸਨੂੰ ਬੁਖ਼ਾਰ ਆਇਆ ਤਾਂ ਉਸਨੇ ਟੈੱਸਟ ਰੇਲਵੇ ਹਸਪਤਾਲ ਫ਼ਿਰੋਜ਼ਪੁਰ ਵਿਖੇ ਕਰਵਾਏ, ਜਿੱਥੋਂ ਉਸ ਦੀ ਕਰੋਨਾ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ | ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ, ਨੌਜਵਾਨ ਤੰਦਰੁਸਤ ਹੈ ਤੇ ਜਲਦੀ ਠੀਕ ਹੋ ਜਾਏਗਾ | ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੀ ਟਰੈਵਲ ਹਿਸਟਰੀ ਹੈ, ਜਿਸ ਕਰਕੇ ਉਹ ਬਾਹਰੋਂ ਪੀੜਤ ਹੋਇਆ ਹੈ | ਉਨ੍ਹਾਂ ਦੱਸਿਆ ਕਿ ਨੌਜਵਾਨ ਨੂੰ ਘਰ ਅੰਦਰ ਇਕ ਹਫ਼ਤੇ ਲਈ ਕੁਆਰਨਟਾਇਨ ਕਰ ਦਿੱਤਾ ਗਿਆ ਹੈ |