ਗੁਰੂਹਰਸਹਾਏ, 2 ਜੂਨ (ਹਰਚਰਨ ਸਿੰਘ ਸੰਧੂ)-ਗੁਰੂਹਰਸਹਾਏ ਹਲਕੇ ਦੇ ਪਿੰਡ ਤਰਿੱਡਾ ਦੇ ਨੌਜਵਾਨ ਮੌਜੂਦਾ ਸਰਪੰਚ ਜਸ਼ਨਪ੍ਰੀਤ ਬਾਵਾ ਵਲੋਂ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਗਈ ਜੀਵਨ ਲੀਲ੍ਹਾ ਖ਼ਤਮ 'ਤੇ ਜਿੱਥੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ, ਉੱਥੇ ਹੀ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਲੱਗਾ | ਇਸ ਸਦਮੇ 'ਤੇ ਗੁਰੂਹਰਸਹਾਏ ਹਲਕੇ ਦੇ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਮਿ੍ਤਕ ਸਰਪੰਚ ਜਸ਼ਨਪ੍ਰੀਤ ਬਾਵਾ ਦੇ ਘਰ ਜਾ ਕੇ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ ਅਤੇ ਪੂਰੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਕਾਂਗਰਸੀ ਆਗੂ ਗੁਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪਰਿਵਾਰ 'ਤੇ ਜੋ ਦੁੱਖਾਂ ਦਾ ਪਹਾੜ ਟੁੱਟਿਆ ਹੈ, ਇਹ ਅਕਹਿ ਤੇ ਅਸਹਿ ਹੈ, ਇਸ ਨੂੰ ਭੁਲਾਉਣਾ ਬਹੁਤ ਹੀ ਔਖਾ ਹੈ, ਪਰ ਜੋ ਗੱਲਾਂ ਹੁਣ ਬਾਹਰ ਆ ਰਹੀਆਂ ਹਨ, ਉਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਪਰਿਵਾਰ ਨੂੰ ਇਨਸਾਫ਼ ਮਿਲ ਸਕੇ | ਗੁਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਨੌਜਵਾਨ ਜਸ਼ਨਪ੍ਰੀਤ ਬਾਵਾ ਸਰਪੰਚ ਬਣ ਕੇ ਆਪਣੇ ਪਿੰਡ ਤਰਿੱਡਾ ਦੀ ਵਿਕਾਸ ਕਾਰਜਾਂ ਰਾਹੀ ਨੁਹਾਰ ਬਦਲਣ ਲਈ ਤਤਪਰ ਸੀ, ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ | ਇਸ ਤੋਂ ਇਲਾਵਾ ਗੁਰਦੀਪ ਸਿੰਘ ਢਿੱਲੋਂ ਨਾਲ ਸੁਰਜੀਤ ਸਿੰਘ ਤਾਰੇਵਾਲਾ, ਗਗਨ ਜੰਗ, ਪਰਮਜੀਤ ਸਿੰਘ ਜੰਗ, ਸੋਹਣ ਸਿੰਘ ਕੌਂਸਲਰ, ਗੋਰਾ ਅਲਫੂ ਕੇ, ਜੋਗਿੰਦਰ ਭਾਟਾ, ਨੈਬ ਸਿੰਘ ਤਾਰੇਵਾਲਾ, ਗੁਰਜੰਟ ਸਿੰਘ ਦਿਲਾ ਰਾਮ ਅਤੇ ਕਈ ਹੋਰਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ | ਜਸ਼ਨਪ੍ਰੀਤ ਬਾਵਾ ਦੇ ਇਸ ਸਦਮੇ 'ਤੇ ਇਲਾਕੇ ਭਰ ਦੇ ਪੰਚਾਂ, ਸਰਪੰਚਾਂ, ਸਮਾਜ ਸੇਵੀ ਜਥੇਬੰਦੀਆਂ ਅਤੇ ਵੱਡੀ ਗਿਣਤੀ 'ਚ ਆਮ ਲੋਕਾਂ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |