ਮਮਦੋਟ, 3 ਜੂਨ (ਰਾਜਿੰਦਰ ਸਿੰਘ ਹਾਂਡਾ)-ਪੰਜਾਬ ਸਰਕਾਰ ਦੇ ਐਲਾਨ ਅਨੁਸਾਰ ਫ਼ਿਰੋਜ਼ਪੁਰ ਜ਼ਿਲੇ੍ਹ ਵਿਚ ਝੋਨੇ ਦੀ ਲਵਾਈ ਦਾ ਕੰਮ ਪਿਛਲੇ ਤਿੰਨ ਦਿਨ ਯਾਨੀ 1 ਜੂਨ ਤੋ ਸ਼ੁਰੂ ਹੋ ਗਿਆ ਹੈ ਅਤੇ ਕਿਸਾਨ ਅਗੇਤੀਆਂ ਕਿਸਮਾਂ ਦੇ ਝੋਨੇ ਦੀ ਲਵਾਈ ਜ਼ੋਰ-ਸ਼ੋਰ ਨਾਲ ਕਰਨ ਲੱਗੇ ਹੋਏ ਹਨ | ਮੁੱਖ ਮੰਤਰੀ ਵਲੋਂ ਨਹਿਰੀ ਖੇਤਰ ਅਧੀਨ ਆਉਂਦੀਆਂ ਜ਼ਮੀਨਾਂ ਵਿਚ ਝੋਨੇ ਦੀ ਲਵਾਈ ਅਤੇ ਸਿੰਚਾਈ ਲਈ ਨਹਿਰੀ ਪਾਣੀ ਦੀ ਵੱਧ ਤੋ ਵੱਧ ਵਰਤੋ ਕਰਨ ਅਤੇ ਬਿਜਲੀ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ, ਪਰੰਤੂ ਦੂਜੇ ਪਾਸੇ ਨਹਿਰੀ ਵਿਭਾਗ ਦੇ ਅਧਿਕਾਰੀ ਸਰਕਾਰ ਦੀ ਮਨਸ਼ਾ ਦੇ ਉਲਟ ਕੰਮ ਕਰਦੇ ਨਜ਼ਰ ਆ ਰਹੇ ਹਨ | ਇਸ ਇਲਾਕੇ ਦੀਆਂ ਬਹੁਤੀਆਂ ਨਹਿਰਾਂ ਵਿਚ ਅਜੇ ਤੱਕ ਪਾਣੀ ਨਹੀਂ ਛੱਡਿਆ ਗਿਆ ਹੈ, ਇਸ ਇਲਾਕੇ ਦੀ ਮੁੱਖ ਜਲਾਲਾਬਾਦ ਅਤੇ ਲਾਧੂਕਾ ਨਹਿਰ ਵਿਚ ਅੱਜ ਸ਼ਾਮ ਤੱਕ ਲੱਖੋਂ ਕੇ ਬਹਿਰਾਮ ਤੱਕ ਪਾਣੀ ਨਹੀਂ ਪਹੁੰਚਿਆ ਸੀ ਅਤੇ ਇਹਨਾਂ ਨਹਿਰਾਂ ਵਿਚੋਂ ਹੀ ਲੱਖੋਂ ਕੇ ਬਹਿਰਾਮ ਕੋਲੋਂ ਨਿਕਲਦੇ ਬਹਾਦਰ ਕੇ ਰਜ਼ਬਾਹੇ ਵਿਚ ਵੀ ਅਜੇ ਤੱਕ ਪਾਣੀ ਨਹੀਂ ਛੱਡਿਆ ਗਿਆ, ਜਦਕਿ ਲੂਥਰ ਹੈੱਡ ਤੋ ਨਿਕਲਣ ਵਾਲਾ ਸੋਢੀਵਾਲਾ ਰਜਵਾਹਾ ਵੀ ਪਾਣੀ ਨਾ ਛੱਡੇ ਜਾਣ ਕਾਰਨ ਅਜੇ ਤੱਕ ਸੁੱਕਾ ਪਿਆ ਹੈ, ਜਿਸ ਕਾਰਨ ਕਿਸਾਨ ਬਿਜਲੀ ਵਾਲੇ ਟਿਊਬਵੈੱਲ ਚਲਾ ਧਰਤੀ ਹੇਠਲੇ ਪਾਣੀ ਦੀ ਵਰਤੋ ਕਰ ਝੋਨੇ ਦੀ ਲਵਾਈ ਕਰਨ ਲੱਗੇ ਹੋਏ ਹਨ | ਇਲਾਕੇ ਦੀ ਲਛਮਣ ਨਹਿਰ ਜਿਸ ਵਿਚ ਬੀਤੇ ਕੱਲ੍ਹ ਪਾਣੀ ਛੱਡਿਆ ਗਿਆ ਸੀ, ਉਸਦੀ ਚੰਗੀ ਤਰ੍ਹਾਂ ਸਫ਼ਾਈ ਨਾ ਹੋਣ ਕਾਰਨ ਉਹ ਨਹਿਰ ਟੁੱਟ ਗਈ ਸੀ, ਜਿਸ ਕਾਰਨ ਵਿਭਾਗ ਨੂੰ ਫਿਰ ਨਹਿਰ ਬੰਦ ਕਰਨੀ ਪਈ | ਇੱਥੇ ਜ਼ਿਕਰਯੋਗ ਹੈ ਕਿ ਨਹਿਰੀ ਵਿਭਾਗ ਵਲੋਂ ਮਨਰੇਗਾ ਮਜ਼ਦੂਰਾਂ ਰਾਹੀਂ ਨਹਿਰਾਂ ਤੇ ਰਜਵਾਹਿਆਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ, ਹਾਲਾਤ ਇਹ ਹਨ ਕਿ ਬਹੁਤੇ ਮਨਰੇਗਾ ਮਜ਼ਦੂਰ ਨਹਿਰਾਂ ਅਤੇ ਰਜਵਾਹਿਆਂ ਦੇ ਕੰਡੇ ਪਹੁੰਚ ਫੋਟੋ ਕਰਵਾਉਣ ਅਤੇ ਹਾਜ਼ਰੀ ਦਰਜ਼ ਕਰਵਾਉਣ ਉਪਰੰਤ ਘਰਾਂ ਨੂੰ ਪਰਤ ਜਾਂਦੇ ਹਨ ਤੇ ਜਿਹੜੇ ਰਹਿ ਜਾਂਦੇ ਹਨ, ਉਹ ਵੀ ਭਾਰੀ ਕੰਮ ਨੂੰ ਹੱਥ ਨਹੀਂ ਲਾਉਦੇ, ਨਹਿਰਾਂ ਵਿਚੋਂ ਸਫ਼ਾਈ ਕਰਨ ਦੀ ਬਜਾਏ ਉਪਰਲੇ ਕਿਨਾਰਿਆਂ ਤੋ ਹੀ ਛਾਂਗਾ-ਛਗਾਂਈ ਕਰਕੇ ਸਮਾਂ ਪੂਰਾ ਕਰ ਘਰਾਂ ਨੂੰ ਪਰਤ ਜਾਂਦੇ ਹਨ | ਜਿਸ ਕਾਰਨ ਨਹਿਰਾਂ ਦੀ ਸਫ਼ਾਈ ਨਹੀਂ ਸਿਰਫ ਖਾਨਾਪੂਰਤੀ ਹੋ ਰਹੀ ਹੈ ਅਤੇ ਨਹਿਰਾਂ ਵਿਚ ਘਾਹ-ਫੂਸ ਅਤੇ ਮਿੱਟੀ ਦੇ ਬੰਨ੍ਹ ਉਸੇ ਤਰ੍ਹਾਂ ਹੀ ਪਏ ਹਨ, ਇਹ ਸਭ ਕੁੱਝ ਪੰਚਾਇਤ ਵਿਭਾਗ (ਮਨਰੇਗਾ ਕੋਆਰਡੀਨੇਟਰਾਂ) ਅਤੇ ਨਹਿਰ ਵਿਭਾਗ ਦੇ ਖੇਤਰੀ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ | ਲਛਮਣ ਨਹਿਰ ਪਿੰਡ ਲੱਖਾ ਸਿੰਘ ਵਾਲਾ ਉਤਾੜ ਦੇ ਨਜ਼ਦੀਕ ਘਾਹ-ਫੂਸ ਅਤੇ ਕੂੜੇ ਕਰਕਟ ਨਾਲ ਭਰੀ ਪਈ ਹੈ, ਇਹੀ ਹਾਲ ਸੋਢੀਵਾਲਾ ਰਜ਼ਬਾਹੇ ਦਾ ਹੈ, ਜਿਸ ਵਿਚੋਂ ਅਜੇ ਤੱਕ ਮਿੱਟੀ ਦੇ ਬੰਨ੍ਹ ਨਹੀਂ ਕੱਢੇ ਗਏ | ਇਲਾਕੇ ਦੇ ਲੋਕਾਂ ਨੇ ਨਹਿਰਾਂ ਦੀ ਸਫ਼ਾਈ ਦੇ ਨਾਮ 'ਤੇ ਹੋਈ ਘਪਲੇਬਾਜ਼ੀ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਜਿੰਮੇਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |