ਤਲਵੰਡੀ ਭਾਈ, 3 ਜੂਨ (ਕੁਲਜਿੰਦਰ ਸਿੰਘ ਗਿੱਲ)-ਬੀਤੀ ਰਾਤ ਹਲਕੀ ਬਰਸਾਤ ਦੌਰਾਨ ਤਲਵੰਡੀ ਭਾਈ ਨੇੜਲੇ ਪਿੰਡ ਹਰਾਜ ਵਿਖੇ ਉੱਠੇ ਚੱਕਰਵਾਤ ਤੂਫ਼ਾਨ ਕਾਰਨ ਤਿੰਨ ਚਾਵਲ ਮਿੱਲਾਂ ਦੀਆਂ ਦੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਜਦਕਿ ਇਮਾਰਤਾਂ ਦੇ ਢਹਿ ਢੇਰੀ ਹੋ ਜਾਣ ਕਾਰਨ ਅੰਦਰ ਪਏ ਚਾਵਲ ਦਾ ਵੀ ਨੁਕਸਾਨ ਹੋਇਆ। ਪ੍ਰਾਪਤ ਜਾਣਕਾਰੀ ਬੀਤੀ ਰਾਤ ਕਰੀਬ 9:30 ਵਜੇ ਚੱਕਰਵਰਤੀ ਤੂਫ਼ਾਨ ਕਾਰਨ ਪਿੰਡ ਹਰਾਜ ਵਿਖੇ ਸਥਿਤ ਏ ਵੰਨ ਐਗਰੋ ਇੰਡਸਟਰੀ, ਸੇਠੀ ਰਾਈਸ ਮਿੱਲ ਅਤੇ ਆਨੰਦ ਰਾਈਸ ਮਿੱਲ ਦੇ ਸ਼ੈੱਡ ਟੁੱਟ ਗਏ ਅਤੇ ਕੰਧਾਂ ਡਿਗ ਪਈਆਂ। ਵੇ ਵੰਨ ਐਗਰੋ ਇੰਡਸਟਰੀ ਦੇ ਮਾਲਕ ਰਛਪਾਲ ਸਿੰਘ ਕਰਮੂਵਾਲਾ ਨੇ ਦੱਸਿਆ ਕਿ ਚੱਕਰਵਾਤ ਤੂਫ਼ਾਨ ਕਾਰਨ ਉਨ੍ਹਾਂ ਦੀ ਰਾਈਸ ਮਿੱਲ ਦਾ ਡਰਾਇਰ ਸ਼ੈੱਡ ਢਹਿ ਢੇਰੀ ਗਿਆ, ਰਾਈਸ ਰੂਮ ਅਤੇ ਮੁੱਖ ਮਸ਼ੀਨਰੀ ਰੂਮ ਦੀਆਂ ਛੱਤਾ ਟੁੱਟ ਗਈਆਂ, ਇਸ ਦੌਰਾਨ ਅੰਦਰ ਪਏ ਚਾਵਲ ਦਾ ਭਾਰੀ ਨੁਕਸਾਨ ਹੋ ਗਿਆ ਜਦਕਿ ਰਾਈਸ ਮਿੱਲ ਦੀਆਂ ਕੰਧਾਂ ਵੀ ਡਿਗ ਪਈਆਂ। ਇਸੇ ਤਰ੍ਹਾਂ ਸੇਠੀ ਰਾਈਸ ਮਿੱਲ ਦਾ 300 ਫੁੱਟ ਲੰਬਾਈ ਅਤੇ 150 ਫੁੱਟ ਚੌੜਾਈ ਵਾਲਾ ਸ਼ੈੱਡ ਢੇਰੀ ਗਿਆ, ਜਿਸਦੇ ਚੱਲਦਿਆਂ ਸ਼ੈੱਡ ਹੇਠ ਖੜ੍ਹੇ ਟਰੱਕ ਵੀ ਮਲਬਾ ਡਿੱਗਣ ਕਾਰਨ ਹੇਠਾਂ ਦੱਬ ਅਤੇ ਸ਼ੈੱਡ ਹੇਠ ਸਟੋਰ ਕੀਤੇ ਚਾਵਲ ਅਤੇ ਬਾਸਮਤੀ ਦਾ ਵੀ ਨੁਕਸਾਨ ਹੋਇਆ ਹੈ। ਰਾਈਸ ਮਿੱਲ ਦੇ ਮਾਲਕ ਵਰੁਣ ਸੇਠੀ ਨੇ ਦੱਸਿਆ ਕਿ ਤੂਫ਼ਾਨ ਕਾਰਨ ਉਨ੍ਹਾਂ ਦਾ 2 ਤੋਂ ਢਾਈ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸਤੋਂ ਇਲਾਵਾ ਨਾਲ ਲੱਗਦੇ ਆਨੰਦ ਰਾਈਸ ਮਿੱਲ ਦੀ ਇਮਾਰਤ ਨੂੰ ਨੁਕਸਾਨ ਪੁੱਜਾ ਹੈ। ਉਕਤ ਰਾਈਸ ਮਿੱਲ ਦੀਆਂ ਛੱਤਾਂ ਉੱਡ ਗਈਆਂ ਕੰਧਾਂ ਡਿੱਗ ਪਈਆਂ ਹਨ। ਇੱਥੇ ਦੱਸਣਯੋਗ ਹੈ ਉਕਤ ਚੱਕਰਵਰਤੀ ਤੂਫ਼ਾਨ ਥੋੜ੍ਹੇ ਖੇਤਰ ਵਿਚੋਂ ਗੁਜ਼ਰਿਆ ਅਤੇ ਕੁੱਝ ਪਲਾਂ ਵਿਚ ਭਾਰੀ ਨੁਕਸਾਨ ਕਰ ਗਿਆ।
ਚੱਕਰਵਾਤ ਤੂਫ਼ਾਨ ਕਾਰਨ ਪਿੰਡ ਹਰਾਜ ਵਿਖੇ ਤਿੰਨ ਰਾਈਸ ਮਿੱਲਾਂ 'ਚ ਭਾਰੀ ਨੁਕਸਾਨ
ਅਜੀਤ ਡੈਸਕ
04-06-2025