ਸ੍ਰੀ ਅੰਮਿ੍ਤਸਰ ਸਾਹਿਬ ਨੂੰ ਅੰਤਰਰਾਸ਼ਟਰੀ ਪੱਧਰ 'ਤੇ 'ਜੰਗ ਰਹਿਤ ਖੇਤਰ' ਵਜੋਂ ਐਲਾਨਣ ਦੀ ਮੰਗ
ਅੰਮਿ੍ਤਸਰ/ਚੰਡੀਗੜ੍ਹ, 3 ਜੂਨ (ਰੇਸ਼ਮ ਸਿੰਘ, ਵਿਕਰਮਜੀਤ ਸਿੰਘ ਮਾਨ)-ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ 'ਚ ਸ੍ਰੀ ਅੰੰਮਿ੍ਤਸਰ ਸਾਹਿਬ ਨੂੰ ਜੰਗ ਰਹਿਤ ਖੇਤਰ 'ਨੋ ਵਾਰ ਜ਼ੋਨ' ਐਲਾਨੇ ਜਾਣ ਦੀ ਮੰਗ ਕੀਤੀ ਹੈ ਅਤੇ ਇਸ ਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਦੀ ਵਿਸ਼ੇਸ਼ ਸੁਰੱਖਿਆ ਇੰਤਜਾਮ ਕੀਤੇ ਜਾਣ ਦੀ ਵੀ ਮੰਗ ਰੱਖੀ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਭਾਰਤੀ ਫੌਜ ਦੇ ਇਕ ਮੇਜਰ ਜਨਰਲ ਦੇ ਦਾਅਵੇ ਤੋਂ ਬਾਅਦ ਇਹ ਮੰਗ ਹੋਰ ਵੀ ਮਹੱਤਵਪੂਰਨ ਹੋ ਗਈ ਹੈ | ਮੇਜਰ ਜਨਰਲ ਨੇ ਕਿਹਾ ਸੀ ਕਿ ਪਾਕਿਸਤਾਨੀ ਹਵਾਈ ਸੈਨਾ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ | ਇਸ ਦਾਅਵੇ ਨੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ | ਇਸ ਦੌਰਾਨ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ 'ਚ ਲਿਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਕੋਈ ਆਮ ਅਸਥਾਨ ਨਹੀਂ ਹੈ, ਇਹ ਸਿੱਖੀ ਦੀ ਰੂਹ ਅਤੇ ਸ਼ਾਂਤੀ ਦਾ ਰੂਹਾਨੀ ਚਾਨਣ ਮੁਨਾਰਾ ਹੈ | ਉਨ੍ਹਾਂ ਕਿਹਾ ਕਿ ਸ੍ਰੀ ਅੰਮਿ੍ਤਸਰ ਸਾਹਿਬ ਦੀ ਪਵਿੱਤਰਤਾ ਅਤੇ ਗੌਰਵ ਦੀ ਰਾਖੀ ਕਰਨੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ, ਮੈਨੂੰ ਉਮੀਦ ਹੈ ਕਿ ਕੇਂਦਰ ਸਰਕਾਰ ਮੇਰੀ ਇਸ ਅਪੀਲ ਨੂੰ ਰਾਜਨੀਤਕ ਨਹੀਂ, ਸਗੋਂ ਇਕ ਅਮਨ ਦੇ ਪ੍ਰਤੀਕ ਦੀ ਰੱਖਿਆ ਵਜੋਂ ਦੇਖੇਗੀ |
ਔਜਲਾ ਤੇ ਰੰਧਾਵਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ
ਅਜੀਤ ਡੈਸਕ
04-06-2025