ਫ਼ਿਰੋਜ਼ਪੁਰ, 4 ਜੂਨ (ਕੁਲਬੀਰ ਸਿੰਘ ਸੋਢੀ)-ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਨਿਰਦੇਸ਼ਾਂ ਤਹਿਤ ਅਤੇ ਐੱਸ. ਐੱਮ. ਓ. ਮਮਦੋਟ ਡਾਕਟਰ ਰਾਜੂ ਚੌਹਾਨ ਦੀ ਨਿਗਰਾਨੀ ਹੇਠ ਥਾਣਾ ਸਦਰ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋ ਕੇ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ | ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵਲੋਂ ਤੰਬਾਕੂ ਦੇ ਮਾੜੇ ਪ੍ਰਭਾਵ ਸਬੰਧੀ ਬੱਚਿਆਂ ਤੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਗਿਆ | ਕਮਿਊਨਿਟੀ ਸਿਹਤ ਅਧਿਕਾਰੀ ਨਰਿੰਦਰ ਸਿੰਘ ਨੇ ਕਿਹਾ ਕਿ ਤੰਬਾਕੂ ਸਾਡੇ ਦੇਸ਼ ਲਈ ਸਭ ਤੋਂ ਵੱਡੇ ਖ਼ਤਰਿਆਂ ਵਿਚੋਂ ਇੱਕ ਹੈ, ਜੋ ਕਈ ਭਿਆਨਕ ਬਿਮਾਰੀਆਂ ਦਾ ਕਾਰਨ ਬਣਦਾ ਹੈ | ਉਨ੍ਹਾਂ ਦੱਸਿਆ ਕਿ ਇਸ ਨਾਲ ਕੈਂਸਰ, ਫੇਫੜਿਆਂ ਦੇ ਰੋਗ, ਦਿਲ ਤੇ ਦਿਮਾਗ਼ ਦੇ ਰੋਗ ਆਦਿ ਮੁੱਖ ਹਨ | ਡਾਕਟਰ ਨੇ ਦੱਸਿਆ ਕਿ ਤੰਬਾਕੂ ਸੇਵਨ ਕਰਨ ਵਾਲਾ ਵਿਅਕਤੀ ਸਿਰਫ਼ ਆਪਣੀ ਸਿਹਤ ਹੀ ਨਹੀਂ ਗਵਾਉਂਦਾ ਸਗੋਂ ਸਮਾਜ ਵਿਚ ਆਪਣੇ ਰੁਤਬੇ ਨੂੰ ਖ਼ਰਾਬ ਕਰ ਲੈਂਦਾ ਹੈ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਗੰਭੀਰ ਬਿਮਾਰੀਆਂ ਵਿਚ ਉਲਝ ਕੇ ਰਹਿ ਜਾਂਦੇ ਹਨ, ਜਿਸ ਦਾ ਖ਼ਮਿਆਜ਼ਾ ਉਸ ਦੇ ਨਾਲ ਉਸ ਦੇ ਪਰਿਵਾਰ ਨੂੰ ਵੀ ਭੁਗਤਣਾ ਪੈਂਦਾ ਹੈ | ਉਨ੍ਹਾਂ ਕਿਹਾ ਕੇ ਸਾਨੂੰ ਰਲ ਮਿਲ ਕੇ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ ਤਾਂ ਹੀ ਅਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹਾਂ | ਕਮਿਊਨਿਟੀ ਸਿਹਤ ਅਧਿਕਾਰੀ ਨੇ ਦੱਸਿਆ ਕੇ ਸਿਹਤ ਵਿਭਾਗ ਵਲੋਂ ਇਸ ਪ੍ਰਤੀ ਲੋਕਾਂ ਨੂੰ ਸਮੇਂ-ਸਮੇਂ ਸਿਰ ਜਾਗਰੂਕ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਇਸ ਨਸ਼ੇ ਨਾਲ ਪੀੜਤ ਵਿਅਕਤੀ ਨੂੰ ਇਲਾਜ ਦੀ ਲੋੜ ਹੁੰਦੀ ਹੈ ਤਾਂ ਸਿਹਤ ਵਿਭਾਗ ਵਲੋਂ ਉਸ ਦਾ ਇਲਾਜ ਵੀ ਕੀਤਾ ਜਾਂਦਾ ਹੈ | ਇਸ ਮੌਕੇ ਅਧਿਆਪਕ ਪਿ੍ਤਪਾਲ ਸਿੰਘ, ਪ੍ਰਯੰਕਾ ਜੋਸ਼ੀ, ਕਿਸਾਨ ਪ੍ਰਧਾਨ ਗਾਮਾ ਸਿੰਘ ਤੇ ਪਿੰਡ ਦੇ ਹੋਰ ਲੋਕ ਮੌਜੂਦ ਸਨ |