ਫ਼ਿਰੋਜ਼ਪੁਰ, 4 ਜੂਨ (ਕੁਲਬੀਰ ਸਿੰਘ ਸੋਢੀ)-ਫ਼ਿਰੋਜ਼ਪੁਰ ਡਵੀਜ਼ਨ ਅੰਦਰ ਬਿਨਾ ਰੇਲ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ 'ਤੇ ਸ਼ਿਕੰਜਾ ਕੱਸਦੇ ਹੋਏ ਰੇਲ ਵਿਭਾਗ ਦੀ ਖ਼ਾਸ ਟਿਕਟ ਚੈਕਿੰਗ ਟੀਮ ਵਲੋਂ ਰੇਲ ਗੱਡੀਆਂ ਅੰਦਰ ਲਗਾਤਾਰ ਟਿਕਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ | ਜਿਸਦੇ ਚੱਲਦੇ ਫ਼ਿਰੋਜ਼ਪੁਰ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਵਲੋਂ ਮਈ 2025 ਦੌਰਾਨ ਗੱਡੀਆਂ ਵਿਚ ਟਿਕਟਾਂ ਦੀ ਚੈਕਿੰਗ ਦੌਰਾਨ ਕੁੱਲ 42322 ਯਾਤਰੀ ਬਿਨਾ ਟਿਕਟ ਸਫ਼ਰ ਕਰਦੇ ਕਾਬੂ ਕੀਤੇ ਗਏ, ਜਿਨ੍ਹਾਂ ਤੋਂ ਜੁਰਮਾਨੇ ਵਜੋਂ ਕਰੀਬ 3.04 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਫ਼ਿਰੋਜ਼ਪੁਰ ਮੰਡਲ ਮੈਨੇਜਰ ਸੰਜੇ ਸ਼ਾਹੂ ਨੇ ਜਾਣਕਾਰੀ ਸਾਂਝੀ ਕੀਤੀ ਕਿ ਟਿਕਟ ਚੈਕਿੰਗ ਸਟਾਫ਼ ਨੂੰ ਮਈ ਮਹੀਨੇ ਵਿਚ 2.79 ਕਰੋੜ ਰੁਪਏ ਜੁਰਮਾਨਾ ਇਕੱਠਾ ਕਰਨ ਦਾ ਟੀਚਾ ਸੀ, ਪਰ ਸਟਾਫ਼ ਨੇ ਮਿਥੇ ਟੀਚੇ ਤੋਂ 9 ਪ੍ਰਤਿਸ਼ਤ ਵੱਧ ਜੁਰਮਾਨਾ ਵਸੂਲ ਕੀਤਾ ਹੈ | ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਡਵੀਜ਼ਨ ਵਿਚ ਬਿਨਾ ਟਿਕਟ ਸਫ਼ਰ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਟਿਕਟ ਚੈਕਿੰਗ ਟੀਮ ਵਲੋਂ ਲਗਾਤਾਰ ਟਿਕਟਾਂ ਚੈੱਕ ਕਰਨ ਦੀ ਮੁਹਿੰਮ ਨੂੰ ਜਾਰੀ ਰੱਖਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਬਿਨਾ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨੇ ਵਸੂਲਣਾ ਤਾਂ ਹੈ, ਇਸਦੇ ਨਾਲ ਮਾੜੇ ਅਨਸਰਾਂ ਨੂੰ ਵੀ ਕਾਬੂ ਕੀਤਾ ਜਾਂਦਾ ਹੈ, ਜੋ ਰੇਲ ਗੱਡੀਆਂ ਵਿਚ ਬਿਨਾ ਟਿਕਟ ਸਫ਼ਰ ਤਾਂ ਕਰਦੇ ਹਨ ਤੇ ਚੋਰੀ ਕਰਨ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਰਹਿੰਦੇ ਹਨ | ਡੀ.ਆਰ.ਐੱਮ ਸੰਜੇ ਸ਼ਾਹੂ ਨੇ ਜਾਣਕਾਰੀ ਦਿੱਤੀ ਕਿ ਟਿਕਟ ਚੈਕਿੰਗ ਦੌਰਾਨ ਜੇਕਰ ਕੋਈ ਯਾਤਰੀ ਬਿਨਾ ਟਿਕਟ ਸਫ਼ਰ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਰੇਲਵੇ ਨਿਯਮਾਂ ਮੁਤਾਬਿਕ ਜੁਰਮਾਨਾ ਅਤੇ ਕਿਰਾਇਆ ਵੀ ਅਦਾ ਕਰਨਾ ਪੈਂਦਾ ਹੈ, ਇਸ ਲਈ ਬਿਨਾ ਟਿਕਟ ਸਫ਼ਰ ਨਾ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਰੇਲ ਗੱਡੀ ਵਿਚ ਯਾਤਰਾ ਕਰਦੇ ਸਮੇਂ ਕਿਸੇ ਰੇਲਵੇ ਯਾਤਰੀ ਕੋਲ ਨਕਦੀ ਨਾ ਹੋਵੇ, ਉਹ ਆਨ-ਬੋਰਡ ਟਿਕਟ ਚੈਕਿੰਗ ਸਟਾਫ਼ ਕੋਲ ਉਪਲਬਧ ਹੈਂਡ ਹੈਲਡ ਟਰਮੀਨਲ ਰਾਹੀਂ ਕਿਊ.ਆਰ ਕੋਡ ਜਾਂ ਯੂ.ਪੀ.ਆਈ ਨੂੰ ਸਕੈਨ ਕਰਕੇ ਭੁਗਤਾਨ ਕਰ ਸਕਦਾ ਹੈ | ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਵਿਚ ਸਮੇਂ-ਸਮੇਂ 'ਤੇ ਰੇਲਵੇ ਯਾਤਰੀਆਂ ਨੂੰ ਕਿਊ.ਆਰ ਕੋਡ ਸਬੰਧੀ ਮੁਹਿੰਮ ਚਲਾ ਕੇ ਜਾਗਰੂਕ ਕੀਤਾ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਵਰਤੋਂ ਕਾਰਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ | ਉਨ੍ਹਾਂ ਦੱਸਿਆ ਕਿ ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ 'ਤੇ ਗੰਦਗੀ ਫੈਲਾਉਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ 'ਤੇ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਮਈ ਮਹੀਨੇ ਦੌਰਾਨ 359 ਯਾਤਰੀਆਂ ਨੂੰ ਸਟੇਸ਼ਨ ਦੀ ਚਾਰਦੀਵਾਰੀ ਵਿਚ ਕੂੜਾ ਸੁੱਟਣ ਕਾਰਨ 56 ਹਜ਼ਾਰ ਰੁਪਏ ਤੋਂ ਵੱਧ ਦਾ ਜੁਰਮਾਨਾ ਕੀਤਾ ਗਿਆ | ਡਵੀਜ਼ਨਲ ਰੇਲਵੇ ਮੈਨੇਜਰ ਸੰਜੇ ਸਾਹੂ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਵਿਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਵਿਚ ਸੁਧਾਰ ਕਰਨਾ ਅਤੇ ਬਿਨਾ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨਾ ਵਸੂਲਣਾ ਹੈ ਤਾਂ ਜੋ ਭਵਿੱਖ ਵਿਚ ਉਹ ਟਿਕਟਾਂ ਨਾਲ ਹੀ ਸਫ਼ਰ ਕਰਨ | ਡਵੀਜ਼ਨਲ ਰੇਲਵੇ ਮੈਨੇਜਰ ਨੇ ਸਾਰੇ ਟਿਕਟ ਚੈਕਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਸਾਂਝੇ ਯਤਨਾਂ ਅਤੇ ਸਖ਼ਤ ਮਿਹਨਤ ਸਦਕਾ ਸੰਭਵ ਹੋਇਆ ਹੈ | ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਰੇਲਵੇ ਮਾਲੀਏ ਵਿਚ ਵਾਧਾ ਕਰਨ ਦੇ ਨਾਲ-ਨਾਲ ਫ਼ਿਰੋਜ਼ਪੁਰ ਡਿਵੀਜ਼ਨ ਦੇ ਟਿਕਟ ਚੈਕਿੰਗ ਸਟਾਫ਼ ਵਲੋਂ ਮੁਸਾਫ਼ਰਾਂ ਦੀ ਮਦਦ ਕਰਕੇ ਸਮਾਜਿਕ ਫ਼ਰਜ਼ ਵੀ ਨਿਭਾਇਆ ਜਾ ਰਿਹਾ ਹੈ |