ਫ਼ਿਰੋਜ਼ਪੁਰ, 4 ਜੂਨ (ਲਖਵਿੰਦਰ ਸਿੰਘ)-ਫ਼ਰਦ ਕੇਂਦਰ ਦੇ ਸਟਾਫ਼ ਵਲੋਂ ਅੱਜ ਦੂਜੇ ਦਿਨ ਵੀ ਕੀਤੀ ਕਲਮ ਛੋੜ ਹੜਤਾਲ ਦੇ ਚੱਲਦਿਆਂ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਜਿੱਥੇ ਭਾਰੀ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਉੱਥੇ ਉਨ੍ਹਾਂ ਨੂੰ ਬਿਨਾਂ ਕੋਈ ਕੰਮ ਕਰਵਾਏ ਵਾਪਸ ਪਰਤਣਾ ਪਿਆ | ਹੜਤਾਲ 'ਤੇ ਬੈਠੇ ਸਟਾਫ਼ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਦਾ ਪੰਜਾਬ ਸਰਕਾਰ ਨਾਲ ਕੰਟਰੈਕਟ 20 ਅਕਤੂਬਰ 2024 'ਚ ਖ਼ਤਮ ਹੋ ਚੁੱਕਿਆ ਹੈ, ਜਿਸ ਨੂੰ 6 ਮਹੀਨੇ ਬੀਤਣ ਦੇ ਬਾਵਜੂਦ ਵੀ ਰੀਨਿਊ ਨਹੀਂ ਕੀਤਾ ਗਿਆ | ਇਸ ਸਭ ਦਾ ਖ਼ਮਿਆਜ਼ਾ ਕੰਪਨੀ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ, ਕਿਉਂਕਿ ਅੱਤ ਦੀ ਮਹਿੰਗਾਈ ਦੇ ਦੌਰ 'ਚ ਪਿਛਲੇ ਕਰੀਬ 3 ਮਹੀਨਿਆਂ ਤੋਂ ਕੰਪਨੀ ਨੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕੰਟਰੈਕਟ ਰੀਨਿਊ ਨਾ ਹੋਣ ਕਾਰਨ ਰੋਕ ਦਿੱਤੀਆਂ ਗਈਆਂ ਹਨ | ਤਨਖ਼ਾਹਾਂ ਨਾ ਮਿਲਣ ਦੇ ਬਾਵਜੂਦ ਵੀ ਉਨ੍ਹਾਂ ਕੋਲੋਂ ਇਨ੍ਹਾਂ 3 ਮਹੀਨਿਆਂ ਦੌਰਾਨ ਸਰਕਾਰ ਵਲੋਂ ਆਮ ਡਿਊਟੀ ਤੋਂ ਇਲਾਵਾ ਸ਼ਨੀਵਾਰ ਤੇ ਐਤਵਾਰ ਵੀ ਵਾਧੂ ਕੰਮ ਲਿਆ ਜਾਂਦਾ ਹੈ, ਪਰ ਫਿਰ ਵੀ ਪੰਜਾਬ ਸਰਕਾਰ ਵਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਡੀ.ਸੀ ਰੇਟ ਦਿੱਤਾ ਗਿਆ | ਫ਼ਰਦ ਕੇਂਦਰ ਦੇ ਸਟਾਫ਼ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਓਧਰ ਕੰਮ ਕਰਵਾਉਣ ਲਈ ਆਏ ਕਿਸਾਨ ਗੁਰਚਰਨ ਸਿੰਘ ਵਾਸੀ ਰਾਮ ਲਾਲ, ਮਸਤੇ ਕੇ ਸਮੇਤ ਹੋਰ ਪਿੰਡਾਂ ਦੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀਆਂ ਜ਼ਮੀਨਾਂ ਦੀਆਂ ਫ਼ਰਦਾਂ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਿਰੋਜ਼ਪੁਰ ਵਿਖੇ ਆਏ ਸਨ, ਜਿੱਥੇ ਸਟਾਫ਼ ਦੀ ਹੜਤਾਲ ਦੇ ਚੱਲਦਿਆਂ ਉਨ੍ਹਾਂ ਨੂੰ ਖ਼ਾਲੀ ਹੱਥ ਵਾਪਸ ਪਰਤਣਾ ਪੈ ਰਿਹਾ ਹੈ | ਉਨ੍ਹਾਂ ਮੁੱਖ ਮੰਤਰੀ ਪੰਜਾਬ, ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਤੋਂ ਮੰਗ ਕੀਤੀ ਕਿ ਫ਼ਰਦ ਕੇਂਦਰਾਂ 'ਚ ਚੱਲ ਰਹੀ ਹੜਤਾਲ ਨੂੰ ਖ਼ਤਮ ਕਰਵਾਇਆ ਜਾਵੇ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣ ਤਾਂ ਜੋ ਲੋਕਾਂ ਦੀ ਖ਼ੱਜਲ-ਖ਼ੁਆਰੀ ਬੰਦ ਹੋ ਸਕੇ |
ਫ਼ਰਦ ਕੇਂਦਰ 'ਚ ਚੱਲ ਰਹੀ ਕਲਮਛੋੜ ਹੜਤਾਲ ਦੌਰਾਨ ਖ਼ੱਜਲ਼-ਖ਼ੁਆਰ ਹੋ ਰਹੇ ਲੋਕ
ਅਜੀਤ ਡੈਸਕ
05-06-2025