ਫ਼ਿਰੋਜ਼ਪੁਰ, 4 ਜੂਨ (ਕੁਲਬੀਰ ਸਿੰਘ ਸੋਢੀ)-ਮੰਗਾਂ ਦੀ ਪੂਰਤੀ ਅਤੇ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਰਕੇ ਫ਼ਰਦ ਕੇਂਦਰਾਂ ਦੇ ਸਮੂਹ ਮੁਲਾਜ਼ਮ ਹੜਤਾਲ 'ਤੇ ਗਏ ਚਲੇ ਹਨ, ਜਿਸ ਨਾਲ ਆਮ ਜਨਤਾ ਅਤੇ ਕਿਸਾਨ ਵਰਗ ਦੀ ਖੱਜਲ ਖ਼ੁਆਰੀ ਵਧਣ ਨਾਲ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਸ ਨਾਲ ਲੋਕਾਂ ਦੇ ਜ਼ਮੀਨੀ, ਬੈਂਕ ਅਤੇ ਹੋਰ ਕਾਰਜ ਰੁਕ ਗਏ ਹਨ | ਇੱਥੇ ਦੱਸਣਾ ਅਹਿਮ ਹੈ ਕਿ ਫ਼ਰਦ ਦੀ ਨਕਲ ਤੋਂ ਬਿਨਾ ਕੋਈ ਕੰਮ ਮੁਮਕਿਨ ਨਹੀਂ ਹੈ, ਇਸਦਾ ਜ਼ਿਆਦਾ ਅਸਰ ਆਮ ਲੋਕਾਂ ਦੇ ਨਾਲ ਕਿਸਾਨ ਵਰਗ 'ਤੇ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ | ਫ਼ਰਦ ਕੇਂਦਰ ਦੇ ਮੁਲਾਜ਼ਮ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ, ਮੀਤ ਪ੍ਰਧਾਨ ਕਿਰਨਪਾਲ ਸਿੰਗ ਸੋਢੀ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਫ਼ਰਦ ਕੇਂਦਰ ਦੇ ਮੁਲਾਜ਼ਮਾਂ ਦੀਆਂ ਜਿੰਨੀਆਂ ਵੀ ਜਾਇਜ਼ ਮੰਗਾਂ ਹਨ, ਉਨ੍ਹਾਂ ਨੂੰ ਜਲਦ ਮੰਨ ਕੇ ਹੜਤਾਲ ਖ਼ਤਮ ਕਰਵਾਈ ਜਾਵੇ ਤਾਂ ਜੋ ਆਮ ਲੋਕਾਂ ਨੂੰ ਅਤੇ ਕਿਸਾਨਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਨਾ ਕਰਨਾ ਪਵੇ | ਸੂਬਾ ਮੀਤ ਪ੍ਰਧਾਨ ਹਰਦਿਆਲ ਸਿੰਘ ਅਲੀਪੁਰ ਨੇ ਕਿਹਾ ਕਿ ਫ਼ਰਦ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਸਰਕਾਰ ਪਿਛਲੇ ਲੰਬੇ ਸਾਲਾਂ ਤੋਂ ਨਿਗੂਣੀ ਤਨਖ਼ਾਹ ਦੇ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ ਹੈ | ਉਨ੍ਹਾਂ ਦੱਸਿਆ ਕਿ ਇਸਦੇ ਚੱਲਦੇ ਸੂਬਾ ਸਰਕਾਰ ਨੇ ਇਹ ਨਿਗੂਣੀ ਤਨਖ਼ਾਹ ਵੀ ਪਿਛਲੇ 3 ਮਹੀਨਿਆਂ ਤੋਂ ਨਹੀਂ ਦਿੱਤੀ ਗਈ, ਜਿਸ ਕਰਕੇ ਮਜਬੂਰੀ ਵੱਸ ਫ਼ਰਦ ਕੇਂਦਰ ਦੇ ਮੁਲਾਜ਼ਮ ਹੜਤਾਲ 'ਤੇ ਜਾਣ ਲਈ ਮਜਬੂਰ ਹੋਏ ਹਨ | ਸੂਬਾ ਮੀਤ ਪ੍ਰਧਾਨ ਕਿਰਨਪਾਲ ਸੋਢੀ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਕਰਕੇ ਮੁਲਾਜ਼ਮ ਧਰਨਿਆਂ ਤੇ ਬੈਠਣ ਲਈ ਮਜਬੂਰ ਹੋ ਗਏ ਹਨ, ਪਰ ਇਸ ਦਾ ਅਸਰ ਆਮ ਜਨਤਾ ਤੇ ਵੱਧ ਪੈਂਦਾ ਹੈ ਤੇ ਉਨ੍ਹਾਂ ਦੀ ਖੱਜਲ ਖ਼ੁਆਰੀ ਵਧਦੀ ਹੈ | ਆਗੂਆਂ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਫ਼ਰਦ ਕੇਂਦਰ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇਵੇ ਅਤੇ ਤਨਖ਼ਾਹ ਵਿਚ ਵਾਧਾ ਕਰਕੇ ਉਨ੍ਹਾਂ ਦੀ ਆਰਥਿਕ ਸਥਿਤੀ ਨੂੰ ਸਹੀ ਦਿਸ਼ਾ ਵਿਚ ਲਿਜਾਉਣ ਵਿਚ ਮਦਦ ਕਰੇ | ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਕਿਸਾਨ ਭਾਈਚਾਰੇ ਵਲੋਂ ਆਪਣੇ ਕਾਰੋਬਾਰ ਅਤੇ ਹੋਰ ਕਾਰਜਾਂ ਲਈ ਬੈਂਕਾਂ ਤੋਂ ਲਿਮਟਾਂ ਲੈਣੀਆਂ ਹੁੰਦੀਆਂ ਹਨ, ਉਸ ਲਈ ਫ਼ਰਦਾਂ ਦੀ ਅਹਿਮ ਜ਼ਰੂਰਤ ਹੁੰਦੀ ਹੈ ਤੇ ਹੜਤਾਲ ਕਰਕੇ ਮਿਲ ਨਹੀਂ ਰਹੀਆਂ ਤੇ ਕਿਸਾਨ ਵਰਗ ਪ੍ਰੇਸ਼ਾਨੀ ਦੇ ਦੌਰ ਵਿਚ ਲੰਘ ਰਿਹਾ ਹੈ | ਭਾਕਿਯੂ ਲੱਖੋਵਾਲ ਦੇ ਸੂਬਾ ਤੇ ਜ਼ਿਲ੍ਹਾ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਕੈਬਨਿਟ ਮਾਲ ਮੰਤਰੀ ਫ਼ਰਦ ਕੇਂਦਰਾਂ ਦੇ ਮੁਲਾਜ਼ਮਾਂ ਨਾਲ ਰਾਬਤਾ ਕਾਇਮ ਕਰਕੇ ਜਾਇਜ਼ ਮੰਗਾਂ ਨੂੰ ਪੂਰੀਆਂ ਕਰਨ ਦਾ ਵਿਸ਼ਵਾਸ ਦੇਣ ਤਾਂ ਕਿ ਹੜਤਾਲ ਖ਼ਤਮ ਹੋ ਸਕੇ |