16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਗਵਰਨਰ ਅਤੇ ਮੁੱਖ ਮੰਤਰੀ ਹੜ੍ਹ ਪੀੜਤਾਂ ਨੂੰ ਬਿਨਾਂ ਕੋਈ ਰਾਹਤ ਰਾਸ਼ੀ ਜਾਰੀ ਦਿੱਤੇ ਪਿਕਨਿਕ ਮਨਾ ਕੇ ਪਰਤੇ- ਜ਼ੀਰਾ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਜ਼ੀਰਾ, 2 ਸਤੰਬਰ (ਪ੍ਰਤਾਪ ਸਿੰਘ ਹੀਰਾ)-ਸਾਡੇ ਪੰਜਾਬ ਦੇ ਮਾਨਯੋਗ ਗਵਰਨਰ ਸਾਹਬ ਅਤੇ ਮੁੱਖ ਮੰਤਰੀ ਪੰਜਾਬ ਅੱਜ ਫ਼ਿਰੋਜ਼ਪੁਰ ਜ਼ਿਲ੍ਹੇ ਵਿਖੇ ਹੜ੍ਹ ਪ੍ਰਭਾਵਿਤ ਖੇਤਰ ਦਾ ਦੌਰਾ ਕਰਨ ਲਈ ਪਹੁੰਚੇ ਸੀ ਅਤੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਆਸ ਤੇ ਉਮੀਦ ਸੀ ਕਿ ਉਨ੍ਹਾਂ ਲਈ ਬਹੁਤ ਵੱਡਾ ਪੈਕੇਜ ਐਲਾਨ ਹੋਵੇਗਾ ਪਰ ਅਜਿਹਾ ਕੁੱਝ ਨਹੀਂ ਹੋਇਆ, ਸਿਰਫ਼ ਪਿਕਨਿਕ ਮਨਾ ਕੇ ਵਾਪਸ ਪਰਤ ਗਏ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਮੈਨੂੰ ਐਂ ਲੱਗਦਾ ਹੈ ਕਿ ਗਵਰਨਰ ਤੇ ਮੁੱਖ ਮੰਤਰੀ ਆਪਸ ਦੇ ਵਿਚ ਸਲਾਹ ਕਰਕੇ ਆਏ ਹਨ, ਕਿਉਂਕਿ ਅੱਜ ਤੋਂ ਚਾਰ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਨੇ ਆਉਣਾ ਸੀ ਤਾਂ ਉਹਨਾਂ ਦਾ ਪ੍ਰੋਗਰਾਮ ਰੱਦ ਹੋ ਗਿਆ ਸੀ | ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸਿਰਫ਼ ਲੋਲੀਪੋਪ ਹੀ ਦਿੱਤਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਜਿਨ੍ਹਾਂ ਦੀਆਂ ਫ਼ਸਲਾਂ ਤਬਾਹ ਹੋਈਆਂ ਹਨ, ਉਨ੍ਹਾਂ ਨੂੰ ਮੁਆਵਜ਼ਾ ਦਿਆਂਗੇ | ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਸਵਾਲ ਕਰਨਾ ਚਾਹੁੰਦਾ ਕਿ ਜਿਹੜਾ 2023 ਵਿਚ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ, ਉਸ ਦਾ ਮੁਆਵਜ਼ਾ ਕਿੱਥੇ ਹੈ ਅਤੇ ਬਲਵਿੰਦਰ ਸਿੰਘ ਦੀ ਢਾਣੀ 'ਤੇ ਜਾ ਕੇ ਤੁਸੀਂ ਇਹ ਕਹਿ ਕੇ ਆਏ ਸੀ ਕਿ ਤੇਰੇ 7 ਲੱਖ ਦੇ ਕਰਜ਼ੇ 'ਤੇ ਲੀਕ ਵੱਜ ਗਈ ਹੈ, ਪਰ ਅੱਜ ਬਲਵਿੰਦਰ ਸਿੰਘ ਇਸ ਦੁਨੀਆ 'ਚ ਨਹੀਂ ਹੈ, ਪਰ ਉਸ ਦਾ ਕਰਜ਼ਾ ਮਾਫ਼ ਨਹੀਂ ਹੋਇਆ | ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਮੁੱਖ ਮੰਤਰੀ ਸਾਹਬ ਜੇਕਰ ਆਉਣਾ ਸੀ ਤਾਂ ਅੱਜ ਹੜ੍ਹ ਪੀੜਤਾਂ ਨੂੰ ਇਕੱਲਾ ਦਿਲਾਸਾ ਨਹੀਂ, ਉਨ੍ਹਾਂ ਨੂੰ ਰਾਸ਼ੀ ਵੀ ਜਾਰੀ ਕਰਕੇ ਜਾਂਦੇ, ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਘਰ ਤੱਕ ਡਿਗ ਪਏ ਹਨ ਅਤੇ ਪਸ਼ੂ ਮਰ ਗਏ ਹਨ | ਲੋਕਾਂ ਕੋਲ ਘਰ ਖਾਣ ਲਈ ਆਟਾ ਤੱਕ ਨਹੀਂ ਹੈ | ਉਨ੍ਹਾਂ ਖ਼ਾਲਸਾ ਏਡ ਅਤੇ ਹੋਰ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਨੇ ਇਕੱਠੇ ਹੋ ਕੇ ਜੋ ਜ਼ਿੰਮੇਵਾਰੀ ਪੰਜਾਬ ਤੇ ਕੇਂਦਰ ਸਰਕਾਰ ਦੀ ਬਣਦੀ ਸੀ, ਉਹ ਇਨ੍ਹਾਂ ਨੇ ਨਿਭਾਈ ਹੈ | ਉਨ੍ਹਾਂ ਕਿਹਾ ਕਿ 2023 ਵਿਚ ਆਏ ਹੜ੍ਹਾਂ ਕਾਰਨ ਜਿਨ੍ਹਾਂ ਲੋਕਾਂ ਨੇ ਆਪਣੀਆਂ ਜ਼ਮੀਨਾਂ ਪੱਧਰ ਕਰਕੇ ਦੁਬਾਰਾ ਵਾਹੀ ਯੋਗ ਬਣਾਇਆ ਸੀ, ਅੱਜ ਉਨ੍ਹਾਂ ਕਿਸਾਨਾਂ ਦਾ 2025 ਵਿਚ ਫਿਰ ਉਸੇ ਤਰ੍ਹਾਂ ਹਾਲਤ ਬਣ ਗਈ ਹੈ ਤੇ ਇਨ੍ਹਾਂ ਲੋਕਾਂ ਕੋਲ ਮਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਰਿਹਾ | ਉਨ੍ਹਾਂ ਮੁੱਖ ਮੰਤਰੀ ਤੇ ਗਵਰਨਰ ਸਾਹਿਬ ਤੋਂ ਆਸ ਜਤਾਈ ਕਿ ਘੱਟੋ-ਘੱਟ ਪ੍ਰਤੀ ਏਕੜ 60 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਮੱਝ ਜਾਂ ਗਾਂ ਦੇ ਪਾਣੀ ਕਾਰਨ ਮਰ ਜਾਣ 'ਤੇ 50 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿੰਨੀਆਂ ਵੀ ਦਰਿਆ ਦੇ ਬੰਨ੍ਹ ਵਿਚ ਜ਼ਮੀਨਾਂ ਹਨ, ਉਨ੍ਹਾਂ ਨੂੰ ਪੱਕੇ ਕੀਤਾ ਜਾਵੇ ਅਤੇ ਕਾਸ਼ਤਕਾਰ ਜੋ ਲੋਕ ਜ਼ਮੀਨਾਂ ਆਬਾਦ ਕਰਦੇ ਹਨ, ਉਨ੍ਹਾਂ ਦੇ ਨਾਮ ਜ਼ਮੀਨਾਂ ਕੀਤੀਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਸਤਲੁਜ 'ਚ ਆਏ ਹੜ੍ਹ ਨਾਲ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੀ ਗੱਡੀ ਲੀਹੋਂ ਲੱਥੀ ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ ਰਮਿੰਦਰ ਸਿੰਘ ਆਵਲਾ ਵਲੋਂ ਰਾਹਤ ਕਾਰਜ ਲਗਾਤਾਰ ਜਾਰੀ
Ad Position 24