ਮੱਖੂ, 3 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਬਿਆਸ ਤੋਂ ਬਾਅਦ ਹੁਣ ਸਤਲੁਜ ਦਰਿਆ ਵਿਚ ਆਏ ਹੜ੍ਹ ਪਾਣੀ ਨੇ ਲੋਕਾਂ ਦੇ ਸਾਹ ਸੁਕਾ ਦਿੱਤੇ ਅਤੇ ਹਰ ਕੋਈ ਇਹ ਅਰਦਾਸ ਕਰ ਰਿਹਾ ਹੈ ਕਿ ਧੁੱਸੀ ਬੰਨ੍ਹ ਦੇ ਅੰਦਰ ਜੋ ਸਾਡੇ ਕਿਸਾਨਾਂ ਦਾ ਨੁਕਸਾਨ ਹੋਇਆ ਇਸ ਨੂੰ ਅਸੀਂ ਜ਼ਰ ਲਵਾਂਗੇ ਪਰ ਕਿਤੇ ਵੀ ਧੁੱਸੀ ਬੰਨ੍ਹ ਦਾ ਨੁਕਸਾਨ ਨਾ ਹੋਵੇ | ਜਿੱਥੇ ਅੱਜ ਬਲਾਕ ਮੱਖੂ ਦੇ ਪਿੰਡ ਮਨੂੰ ਮਾਛੀ ਵਿਖੇ ਰਿੰਗ ਬੰਨ੍ਹ ਟੁੱਟਣ ਨਾਲ ਕਾਫ਼ੀ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਬਲਾਕ ਮੱਖੂ ਦੇ ਪਿੰਡ ਰੁਕਨੇ ਵਾਲੇ ਧੁੱਸੀ ਬੰਨ੍ਹ ਨੂੰ ਲੱਗੀ ਢਾਹ ਨੂੰ ਰੋਕਣ ਲਈ ਪ੍ਰਸ਼ਾਸਨ ਤੇ ਕਿਸਾਨਾਂ ਵਲੋਂ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ ਤੇ ਪਿੰਡ ਚੱਕ ਖੰਨਾ ਵਿਖੇ ਵੀ ਧੁੱਸੀ ਬੰਨ੍ਹ ਲੱਗੀ ਢਾਹ ਨੂੰ ਅਤੇ ਗੱਟਾ ਬਾਦਸ਼ਾਹ ਵਿਖੇ ਲੱਗੀ ਨੋਚ ਨੂੰ ਢਾਹ ਨੂੰ ਰੋਕਣ ਵਾਸਤੇ ਵੀ ਕੰਮ ਜਾਰੀ ਹੈ ਜਿੱਥੇ ਪ੍ਰਸ਼ਾਸਨ, ਕਿਸਾਨ, ਮਜ਼ਦੂਰ ਮਿੱਟੀ ਦੇ ਤੋੜੇ ਭਰ ਕੇ ਬੰਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉੱਥੇ ਹੀ ਪੰਜਾਬ ਭਰ ਤੋਂ ਨੌਜਵਾਨਾਂ ਵਲੋਂ ਟਰਾਲੀਆਂ ਟਰੈਕਟਰਾਂ 'ਤੇ ਮਿੱਟੀ ਲਿਆ ਕੇ ਇਲਾਕੇ ਦਾ ਵੱਡਾ ਸਹਿਯੋਗ ਕੀਤਾ ਜਾ ਰਿਹਾ ਹੈ | ਰਾਤ ਸਮੇਂ ਵੀ ਧੁੱਸੀ ਬੰਨ੍ਹ 'ਤੇ ਕਈ ਪਿੰਡਾਂ ਦੇ ਨੌਜਵਾਨ ਕਿਸਾਨ ਰਾਤ ਪਹਿਰਾ ਦੇ ਆਪਣਾ ਫ਼ਰਜ਼ ਨਿਭਾ ਰਹੇ ਹਨ |