ਮੱਖੂ, 3 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਨੈਸ਼ਨਲ ਹਾਈਵੇ 54 'ਤੇ ਸਥਿਤ ਜੇ.ਜੇ. ਸੰਧੂ ਢਾਬਾ ਮੱਖੂ 'ਤੇ ਭਾਈ ਅੰਮਿ੍ਤਪਾਲ ਸਿੰਘ ਦੀ ਟੀਮ ਵਲੋਂ ਸਰਪੰਚ ਹਰਜਿੰਦਰ ਸਿੰਘ ਹਸ਼ਮਤਵਾਲਾ ਜ਼ਿਲ੍ਹਾ ਆਗੂ ਫ਼ਿਰੋਜ਼ਪੁਰ ਦੀ ਅਗਵਾਈ ਹੇਠ ਲੱਗੇ ਰਾਹਤ ਕੈਂਪ 'ਚ ਭਾਈ ਤਰਸੇਮ ਸਿੰਘ ਪਿਤਾ ਭਾਈ ਅੰਮਿ੍ਤਪਾਲ ਸਿੰਘ ਮੈਂਬਰ ਪਾਰਲੀਮੈਂਟ ਹਲਕਾ ਖਡੂਰ ਸਾਹਿਬ, ਬੀਬੀ ਸੁਖਵੰਤ ਕੌਰ ਪੰਥ ਕੌਂਸਲ ਦੇ ਚੇਅਰਪਰਸਨ ਤੇ ਸੀਨੀਅਰ ਅਕਾਲੀ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਤੇ ਪੰਥਕ ਮਸਲਿਆਂ ਸੰਬੰਧੀ ਮੀਟਿੰਗ ਕੀਤੀ ਗਈ | ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਤਰਸੇਮ ਸਿੰਘ ਆਗੂ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਕਿਹਾ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ 'ਚੋਂ ਚੱਲ ਰਿਹਾ ਹੈ | ਇਨ੍ਹਾਂ ਹੜ੍ਹ ਪ੍ਰਭਾਵਿਤ ਕਿਸਾਨ ਪਰਿਵਾਰਾਂ ਲਈ ਸਰਕਾਰਾਂ ਨਹੀਂ ਸਗੋਂ ਸਾਡੇ ਆਪਣੇ ਨੌਜਵਾਨ ਦਿਨ ਰਾਤ ਰਾਹਤ ਸਮਗਰੀ ਹਰ ਜ਼ਰੂਰਤਮੰਦ ਤੱਕ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਪਰ ਸਰਕਾਰਾਂ ਸਾਡੇ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕ ਕੇ ਐਨ.ਐੱਸ.ਏ. ਵਰਗੀਆਂ ਕਈ ਧਾਰਾ ਲਗਾ ਰਹੀਆਂ ਹਨ ਪਰ ਸਰਕਾਰਾਂ ਇਹ ਨਹੀਂ ਜਾਣਦੀਆਂ ਕਿ ਸਾਡੇ ਨੌਜਵਾਨਾਂ ਨੂੰ ਜੋ ਜਜ਼ਬਾ ਗੁਰੂ ਸਾਹਿਬ ਨੇ ਬਖ਼ਸ਼ਿਆ ਉਸ ਨੂੰ ਕੋਈ ਵੀ ਖ਼ਤਮ ਨਹੀਂ ਕਰ ਸਕਦਾ | ਬੀਬੀ ਸੁਖਵੰਤ ਕੌਰ ਪੰਥ ਕੌਂਸਲ ਦੇ ਚੇਅਰਪਰਸਨ ਨੇ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਸਾਡੀਆਂ ਹਮ-ਖਿਆਲ ਸਿੱਖ ਜਥੇਬੰਦੀਆਂ ਨੂੰ ਇਕ ਪਲੇਟਫ਼ਾਰਮ 'ਤੇ ਇਕੱਠਾ ਹੋ ਕੇ ਪੰਜਾਬ ਵਿਚ ਬਰਬਾਦ ਹੋਈ ਕਿਸਾਨੀ ਨੂੰ ਫਿਰ ਪੈਰਾਂ 'ਤੇ ਖੜ੍ਹਾ ਕਰਨ ਲਈ ਵਚਨਬੰਦ ਹੋਣਾ ਚਾਹੀਦਾ ਹੈ | ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸੀਨੀਅਰ ਅਕਾਲੀ ਆਗੂ ਜੋ ਕਿ ਅੱਜ ਰਾਹਤ ਸਮੱਗਰੀ ਲੈ ਕੇ ਵੀ ਪਹੁੰਚੇ ਸਨ | ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਜਵਾਨੀ ਤੇ ਕਿਸਾਨ ਮਾਰੂ ਨੀਤੀ ਸਾਡੇ ਪੰਜਾਬੀ ਪੰਜਾਬ ਵਿਚ ਲਾਗੂ ਨਹੀਂ ਹੋਣ ਦੇਣਗੇ ਕਿਉਂਕਿ ਸਾਡੀ ਜਵਾਨੀ ਨਸ਼ਿਆਂ ਨਾਲ ਬਰਬਾਦ ਕਰਨ ਲਈ ਇਹਨਾਂ ਸਰਕਾਰਾਂ ਨੇ ਸਾਡੇ ਨੌਜਵਾਨਾਂ ਦੇ ਹੱਥਾਂ ਵਿਚ ਨਸ਼ਾ ਸੌਂਪਿਆ ਪਰ ਫਿਰ ਵੀ ਅੱਜ ਸਾਡੀ ਜਵਾਨੀ ਹੜ੍ਹ ਪੀੜਤਾਂ ਦੀ ਸੇਵਾ ਲਈ ਦਿਨ ਰਾਤ ਆਪਣਾ ਫ਼ਰਜ਼ ਨਿਭਾ ਕੇ ਸਰਕਾਰਾਂ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਅਸੀਂ ਪੰਜਾਬ ਦੀ ਖ਼ਾਤਰ ਹਰ ਕੁਰਬਾਨੀ ਦੇਣ ਨੂੰ ਤਿਆਰ ਬੈਠੇ ਹਾਂ | ਸਰਪੰਚ ਹਰਜਿੰਦਰ ਸਿੰਘ ਹਸ਼ਮਤਵਾਲਾ ਜ਼ਿਲ੍ਹਾ ਆਗੂ ਫ਼ਿਰੋਜ਼ਪੁਰ, ਭਾਈ ਕਾਬਲ ਸਿੰਘ ਸ਼ਹਿਜ਼ਾਦੀ, ਭਾਈ ਨਿਰਵੈਰ ਸਿੰਘ ਲਲਿਹਾਂਦੀ, ਗੁਰਮੀਤ ਸਿੰਘ ਮਾਹਲਾ, ਭਾਈ ਦਵਿੰਦਰ ਸਿੰਘ ਸੇਖੋਂ, ਸਰਪੰਚ ਲਖਵਿੰਦਰ ਸਿੰਘ ਭੁੱਲਰ ਅਰਾਈਆਂਵਾਲਾ, ਚੇਅਰਮੈਨ ਕਾਬਲ ਸਿੰਘ ਬੂਟੇ ਵਾਲਾ, ਜਥੇਦਾਰ ਹਰਜੀਤ ਸਿੰਘ ਨਿਜਾਮਦੀਨ ਵਾਲਾ, ਭਾਈ ਅਨੋਖ ਸਿੰਘ ਰੋਡੇਵਾਲਾ, ਡਾ. ਸੁਖਦੇਵ ਸਿੰਘ ਵਿੰਝੋਕੇ, ਭਾਈ ਜਸਬੀਰ ਸਿੰਘ ਸਭਰਾ, ਕੁਲਵਿੰਦਰ ਸਿੰਘ ਰੋਡੇਵਾਲਾ, ਗੁਰਦੀਪ ਸਿੰਘ ਰੋਡੇਵਾਲਾ ਸੁਖਚੈਨ ਸਿੰਘ ਭੂਤੀ ਵਾਲਾ ਗੁਰਵਿੰਦਰ ਸਿੰਘ ਨੂਰਪੁਰ, ਡਾ. ਮਲਕੀਤ ਸਿੰਘ ਮੱਖੂ, ਸਤਨਾਮ ਸਿੰਘ ਆਹਲੇ, ਚਮਕੌਰ ਸਿੰਘ ਆਸ਼ੀਕੇ, ਬੂਟਾ ਸਿੰਘ ਹਸ਼ਮਤ ਵਾਲਾ, ਜਸਵੀਰ ਸਿੰਘ ਸਸਤੇ ਵਾਲਾ, ਲਖਵਿੰਦਰ ਸਿੰਘ ਸੰਧੂ ਜੇ.ਜੇ ਢਾਬੇ ਵਾਲਾ,ਅਮਰੀਕ ਸਿੰਘ ਸ਼ਹਿਜ਼ਾਦੀ, ਸੁਖਜੀਤ ਸਿੰਘ ਹਸ਼ਮਤ ਵਾਲਾ ਆਦਿ ਹਾਜ਼ਰ ਸਨ |