ਫ਼ਿਰੋਜ਼ਪੁਰ, 3 ਸਤੰਬਰ (ਗੁਰਿੰਦਰ ਸਿੰਘ)- ਦਰਿਆ ਸਤਲੁਜ ਵਿਚ ਲਗਾਤਾਰ ਵੱਧ ਰਹੇ ਪਾਣੀ ਕਾਰਨ ਹੁਣ ਤੱਕ ਫ਼ਿਰੋਜ਼ਪੁਰ ਦੇ 107 ਦੇ ਕਰੀਬ ਪਿੰਡ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਹਨ | ਇਸ ਦੌਰਾਨ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਲੋਕਾਂ ਦੀ ਮਦਦ ਲਈ ਉਮੜ ਪਈਆਂ ਹਨ | ਅਜਿਹੇ ਵਿਚ ਕਲਾਕਾਰ ਭਾਈਚਾਰਾ ਵੀ ਲਗਾਤਾਰ ਲੋਕਾਂ ਦੀ ਸੇਵਾ ਵਿਚ ਹਾਜ਼ਰ ਹੈ | ਅੱਜ ਇੱਥੇ ਭਾਰੀ ਮਾਤਰਾ ਵਿਚ ਰਾਹਤ ਸਮੱਗਰੀ ਲੈ ਕੇ ਪੰਜਾਬੀ ਦੇ ਪ੍ਰਸਿੱਧ ਗਾਇਕ ਇੰਦਰਜੀਤ ਨਿੱਕੂ ਅਤੇ ਯੁੱਧਵੀਰ ਮਾਣਕ ਆਪਣੀ 'ਟੀਮ 2 ਪ੍ਰਤੀਸ਼ਤ' ਸਮੇਤ ਸਤਲੁਜ ਦੇ ਕੰਢੇ ਵਸੇ ਪਿੰਡ ਚੂਹੜੀ ਵਾਲਾ ਵਿਖੇ ਪਹੁੰਚੇ ਤੇ ਪਸ਼ੂਆਂ ਲਈ ਫੀਡ, ਤਰਪਾਲਾਂ, ਰਸੋਈ ਦਾ ਰਾਸ਼ਨ, ਦਵਾਈਆਂ ਆਦਿ ਪਿੰਡ ਵਾਸੀਆਂ ਨੂੰ ਵੰਡੀਆਂ | ਇਸ ਮੌਕੇ ਇੰਦਰਜੀਤ ਨਿੱਕੂ ਨੇ ਕਿਹਾ ਕਿ ਉਹ ਹਰ ਤਰ੍ਹਾਂ ਹੜ੍ਹ ਪੀੜਤਾਂ ਨਾਲ ਖੜ੍ਹੇ ਹਨ ਤੇ ਜੋ ਵੀ ਮਦਦ ਹੋਈ ਕਰਨ ਨੂੰ ਤਿਆਰ ਹਨ | ਇੰਦਰਜੀਤ ਨਿੱਕੂ ਨੇ ਕਿਹਾ ਕਿ ਸਾਨੂੰ ਭਾਵੇਂ ਦੋ ਪ੍ਰਤੀਸ਼ਤ ਵਾਲੇ ਕਹਿੰਦੇ ਹਨ ਪਰ ਸਾਡੇ ਖ਼ੂਨ ਵਿਚ ਗੁਰਾਂ ਨੇ ਗੁੜ੍ਹਤੀ ਐਸੇ ਦਿੱਤੀ ਹੈ ਕਿ ਮੁਸੀਬਤਾਂ ਵੇਲੇ ਸਭ ਤੋਂ ਅੱਗੇ ਹੁੰਦੇ ਹਾਂ | ਗਾਇਕ ਯੁੱਧਵੀਰ ਮਾਣਕ ਨੇ ਕਿਹਾ ਕਿ ਉਹ ਵੀ ਅੱਜ ਆਪਣੇ ਲੋਕਾਂ ਲਈ ਮਦਦ ਲਈ ਪੁੱਜੇ ਹਨ ਤੇ ਮਾਣਕ ਪਰਿਵਾਰ ਭਵਿੱਖ ਵਿਚ ਵੀ ਸੇਵਾ ਵਿਚ ਜੁਟਿਆ ਰਹੇਗਾ | ਇਸ ਮੌਕੇ ਇੰਦਰਜੀਤ ਨਿੱਕੂ ਤੇ ਯੁੱਧਵੀਰ ਮਾਣਕ ਤੋਂ ਇਲਾਵਾ 'ਟੀਮ 2 ਪ੍ਰਤੀਸ਼ਤ' ਦੇ ਸ਼ਕਤੀ ਮਾਣਕ, ਮਨਦੀਪ ਮਾਨ, ਗੁਰਵਿੰਦਰ ਬਿੱਗ ਡਿਜੀਟਲ, ਜਸੂਰ, ਦਿਲਸ਼ੀਨ ਕੌਰ, ਆਲਿਆ ਸ਼ਰਮਾ, ਮਹਿਕ ਸ਼ਰਮਾ, ਹਰੂ, ਵੈਭਵ, ਗੁਰਨਾਮ ਸਿੱਧੂ ਗਾਮਾ, ਜੋਗਿੰਦਰ ਮਾਣਕ, ਜਤਿੰਦਰ ਡਿੰਪਾ, ਹਰਚਰਨ ਸਾਮਾ, ਸੈਂਡੀ ਸ਼ਰਮਾ ਆਦਿ ਹਾਜ਼ਰ ਸਨ |