ਗੁਰੂਹਰਸਹਾਏ, 3 ਸਤੰਬਰ (ਹਰਚਰਨ ਸਿੰਘ ਸੰਧੂ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਗੁਰਬਖ਼ਸ਼ ਸਿੰਘ ਦੀ ਅਗਵਾਈ 'ਚ ਥਾਣਾ ਗੁਰੂਹਰਸਹਾਏ ਅੰਦਰ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੇ ਧਰਨਾ ਸ਼ੁਰੂ ਕਰ ਦਿੱਤਾ | ਇਸ ਮੌਕੇ ਜ਼ਿਲ੍ਹਾ ਆਗੂ ਧਰਮ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਏ.ਐੱਸ.ਆਈ. ਜੋ ਪਿੰਡ ਬੂਲਾ ਰਾਏ ਉਤਾੜ ਦਾ ਰਹਿਣ ਵਾਲਾ ਹੈ, ਨੇ ਆਪਣੀ ਕੋਠੀ ਦੇ ਨਾਲ ਲੱਗਦੇ ਪਲਾਟ ਜੋ ਮਨਜੀਤ ਸਿੰਘ ਮਜ਼ਦੂਰ ਦਾ ਹੈ, 'ਤੇ ਨਾਜਾਇਜ਼ ਕਬਜ਼ੇ ਦੀ ਮਨਸ਼ਾ ਨਾਲ ਮਨਜੀਤ ਸਿੰਘ ਦੇ ਪਰਿਵਾਰ 'ਤੇ ਰਾਤ 9 ਵਜੇ ਗੁੰਡਿਆਂ ਨੂੰ ਨਾਲ ਲੈ ਕੇ ਹਮਲਾ ਕਰ ਦਿੱਤਾ | ਲੋਕਾਂ ਵਲੋਂ ਇਕੱਠੇ ਹੋ ਕੇ ਗੁੰਡਿਆਂ ਨੂੰ ਭਜਾ ਦਿੱਤਾ ਅਤੇ ਉਸ 'ਤੇ ਕਾਰਵਾਈ ਲਈ ਅੱਜ ਥਾਣੇ ਧਰਨਾ ਸ਼ੁਰੂ ਕਰ ਦਿੱਤਾ ਹੈ | ਐੱਸ.ਐੱਚ.ਓ. ਕਾਰਵਾਈ ਕਰਨ ਤੋਂ ਆਨਾਕਾਨੀ ਕਰ ਰਿਹਾ ਹੈ | ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ | ਇਸ ਮੌਕੇ ਕੁਲਦੀਪ ਸਿੰਘ, ਪ੍ਰੀਤਮ, ਭਗਵਾਨ ਸਿੰਘ, ਕ੍ਰਿਸ਼ਨ ਸਿੰਘ, ਸੁੱਖਾ ਸਿੰਘ, ਜੋਗਿੰਦਰ ਸਿੰਘ, ਮਹਿੰਦਰੋ ਬੀਬੀ, ਪਰਮਜੀਤ ਕੌਰ, ਮੰਗਲ ਸਿੰਘ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ |