ਫ਼ਿਰੋਜ਼ਪੁਰ, 6 ਸਤੰਬਰ (ਗੁਰਿੰਦਰ ਸਿੰਘ)-ਨਵੀਂ ਬਣੀ ਫ਼ਿਰੋਜ਼ਪੁਰ ਬੈਡਮਿੰਟਨ ਅਕੈਡਮੀ ਦਾ ਰਸਮੀ ਉਦਘਾਟਨ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਵਲੋਂ ਕੀਤਾ ਗਿਆ | ਇਸ ਮੌਕੇ ਭਗਤ ਪੂਰਨ ਸਿੰਘ ਸੁਸਾਇਟੀ ਤੋਂ ਵੀਰ ਗੁਰਧਿਆਨ ਸਿੰਘ ਤੇ ਮਨੁੱਖਤਾ ਦੀ ਸੇਵਾ ਸੁਸਾਇਟੀ ਦੀ ਪੂਰੀ ਟੀਮ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੀ ਹੋਈ ਸੀ | ਸਟੇਜ ਸਕੱਤਰ ਹਰੀਸ਼ ਕੁਮਾਰ ਨੇ ਦੱਸਿਆ ਕਿ ਇਸ ਅਕੈਡਮੀ ਦੇ ਸੰਚਾਲਕ ਜਸਵਿੰਦਰ ਸਿੰਘ ਵਲੋਂ ਆਪਣੀ ਪਤਨੀ ਮਨਮੀਤ ਕੌਰ ਤੇ ਬੇਟੀ ਨੈਸ਼ਨਲ ਚੈਂਪੀਅਨ ਸਵਰੀਤ ਕੌਰ ਜੋ ਕਿ ਅੱਜ ਕੱਲ੍ਹ ਕੈਨੇਡਾ ਵਿਖੇ ਕੋਚਿੰਗ ਦੇ ਰਹੀ ਹੈ, ਦੇ ਸਹਿਯੋਗ ਨਾਲ ਸ਼ੁਰੂ ਕੀਤੀ ਹੈ ਅਤੇ ਉਨ੍ਹਾਂ ਦਾ ਮਕਸਦ ਫ਼ਿਰੋਜ਼ਪੁਰ ਦੇ ਹੋਰਨਾਂ ਖਿਡਾਰੀਆਂ ਨੂੰ ਨੈਸ਼ਨਲ ਪੱਧਰ 'ਤੇ ਮੈਡਲ ਲੈਂਦਿਆਂ ਦੇਖਣਾ ਹੈ | ਇਸ ਮੌਕੇ ਵੀਰ ਗੁਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਬੱਚਿਆਂ ਨੂੰ ਚੰਗੇ ਖਿਡਾਰੀ ਬਣਨ ਦੇ ਨਾਲ ਚੰਗਾ ਨਾਗਰਿਕ ਬਣਨ ਤੇ ਸੇਵਾ ਭਾਵ ਨਾਲ ਜ਼ਿੰਦਗੀ ਜਿਊਣ ਦਾ ਸਬਕ ਸਿਖਾਇਆ | ਉਨ੍ਹਾਂ ਆਪਣੀ ਸੰਸਥਾ ਮਨੁੱਖਤਾ ਦੀ ਸੇਵਾ ਸ਼ੁਰੂ ਕਰਨ ਦਾ ਮਕਸਦ ਵੀ ਦੱਸਦਿਆਂ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨ ਲਈ ਕਿਹਾ | ਸਮਾਗਮ ਵਿਚ ਉੱਘੇ ਕਲਾਕਾਰ ਤਰਸੇਮ ਅਰਮਾਨ ਨੇ ਪੰਜਾਬ ਦੇ ਪਿਆਰ ਵਾਲਾ ਆਪਣਾ ਇਕ ਗੀਤ ਵੀ ਪੇਸ਼ ਕੀਤਾ | ਇਸ ਮੌਕੇ ਖਿਡਾਰੀਆਂ ਦਾ ਇਕ ਸ਼ੋਅ ਮੈਚ ਕਰਵਾਇਆ ਗਿਆ | ਰਿਟਾਇਰਡ ਲੈਕਚਰਾਰ ਮਨਜੀਤ ਸਿੰਘ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਅਮਿਤ ਸ਼ਰਮਾ, ਸੁਨੀਲ ਕੰਬੋਜ, ਸ਼ਮਸ਼ੇਰ ਸਿੰਘ, ਮਨੀਸ਼ ਕੁਮਾਰ, ਤਲਵਿੰਦਰ ਸਿੰਘ, ਨੇਹਾ ਪੁਰੀ, ਹਰਮਨਪ੍ਰੀਤ ਸਿੰਘ, ਅਜਮੇਰ ਸਿੰਘ, ਗੁਰਬਿੰਦਰ ਕੌਰ, ਸੁਰੁਚੀ ਸ਼ਰਮਾ, ਯੁਵਰਾਜ ਨਾਰੰਗ, ਵਿਕਰਮਪਾਲ ਸਿੰਘ, ਜਸਕਰਮ ਸਿੰਘ ਵਿਰਕ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਵੀ ਮੌਜੂਦ ਸਨ |