ਮੱਖੂ, 25 ਸਤੰਬਰ (ਕੁਲਵਿੰਦਰ ਸਿੰਘ ਸੰਧੂ)- ਬਿਆਸ ਅਤੇ ਸਤਲੁਜ ਦਰਿਆ ਦੇ ਸੰਗਮ ਹਰੀਕੇ ਹੈੱਡ ਵਰਕਸ 'ਤੇ ਪਾਣੀ ਦਾ ਪੱਧਰ ਹੁਣ ਘੱਟ ਚੁੱਕਾ ਹੈ ਤੇ ਇਸ ਵੇਲੇ ਲਗਭਗ 54 ਹਜ਼ਾਰ ਕਿਊਸਕ ਪਾਣੀ ਲਹਿੰਦੇ ਪਾਸੇ ਛੱਡਿਆ ਜਾ ਰਿਹਾ ਹੈ | ਜਦੋਂ ਦਰਿਆ ਦਾ ਪਾਣੀ ਘਟਿਆ ਤਾਂ ਬਲਾਕ ਮੱਖੂ ਦੇ ਪਿੰਡ ਨਿਜ਼ਾਮਦੀਨ ਵਾਲਾ ਦੇ ਕਿਸਾਨ ਆਪਣੇ ਖੇਤ ਵੇਖਣ ਦਰਿਆ ਵੱਲ ਪਹੁੰਚੇ | ਉਨ੍ਹਾਂ ਲਈ ਇਹ ਦਿ੍ਸ਼ ਕਾਫ਼ੀ ਦਰਦਨਾਕ ਸੀ ਕਿਉਂਕਿ ਕਈ ਥਾਵਾਂ 'ਤੇ ਦਰਿਆ ਨੇ ਰੇਤਾ ਦੇ ਅੰਬਾਰ ਲਗਾ ਦਿੱਤੇ ਹਨ ਅਤੇ ਕਈ ਖੇਤਰਾਂ 'ਚ ਹੜ੍ਹ ਦਾ ਪਾਣੀ ਸਿਰਫ਼ ਫ਼ਸਲਾਂ ਹੀ ਨਹੀਂ ਬਲਕਿ ਜ਼ਮੀਨ ਨੂੰ ਵੀ ਰੋੜ੍ਹ ਕੇ ਲੈ ਗਿਆ | ਨਤੀਜੇ ਵਜੋਂ, ਚਾਰ ਫੁੱਟ ਤੱਕ ਡੂੰਘੇ ਖੱਡੇ ਬਣ ਗਏ ਹਨ ਤੇ ਉਪਜਾਊ ਖੇਤ 'ਮੱਛੀ ਫਾਰਮਾਂ' ਵਰਗੇ ਦਿਸ ਰਹੇ ਹਨ | ਪਿੰਡ ਨਿਜ਼ਾਮਦੀਨ ਵਾਲਾ ਦੀ ਲਗਭਗ 450 ਏਕੜ ਜ਼ਮੀਨ ਧੁੱਸੀ ਬੰਨ੍ਹ ਦੇ ਅੰਦਰ ਆਉਂਦੀ ਹੈ | ਇੱਥੇ ਜ਼ਿਆਦਾਤਰ ਕਿਸਾਨਾਂ ਕੋਲ ਸਿਰਫ਼ ਪੰਜ ਕਿੱਲਿਆਂ ਤੋਂ ਘੱਟ ਜ਼ਮੀਨ ਹੈ | ਕੁੱਝ ਹੀ ਕਿਸਾਨ ਵੱਡੇ ਜ਼ਮੀਨਦਾਰ ਹਨ | ਪ੍ਰਭਾਵਿਤ ਕਿਸਾਨਾਂ ਨੇ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਡੀ ਬਰਬਾਦ ਹੋਈ ਜ਼ਮੀਨ ਨੂੰ ਦੁਬਾਰਾ ਆਬਾਦ ਕਰਨ 'ਚ ਸਹਿਯੋਗ ਕਰਨ | ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜ਼ਮੀਨ ਮੁੜ ਉਪਜਾਊ ਨਾ ਬਣੀ ਤਾਂ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰਨਾ ਬਹੁਤ ਔਖਾ ਹੋ ਜਾਵੇਗਾ | ਕਈ ਕਿਸਾਨਾਂ ਨੇ ਦੁੱਖ ਜ਼ਾਹਿਰ ਕੀਤਾ ਕਿ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੇ ਹਨ ਪਰ ਹੁਣ ਉਹਨਾਂ ਦੀਆਂ ਫ਼ੀਸਾਂ ਦੇਣੇ ਵੀ ਮੁਸ਼ਕਲ ਹੋ ਗਏ ਹਨ | ਹਾਲਾਂਕਿ ਰਾਹਤ ਕੈਂਪਾਂ ਦੁਆਰਾ ਪਸ਼ੂਆਂ ਲਈ ਅਚਾਰ, ਫੀਡ ਤੇ ਹੋਰ ਸਮੱਗਰੀ ਮਿਲੀ ਹੈ ਪਰ ਇਹ ਕਾਫ਼ੀ ਨਹੀਂ | ਇਸ ਤੋਂ ਇਲਾਵਾ, ਕਿਸਾਨਾਂ ਵਲੋਂ ਫ਼ਸਲਾਂ ਪਾਲਣ ਲਈ ਭਾਰੀ ਖ਼ਰਚ ਕਰਕੇ ਕਰਵਾਏ ਟਿਊਬਵੈੱਲ ਬੋਰ ਵੀ ਹੜ੍ਹਾਂ ਦੇ ਪਾਣੀ ਨਾਲ ਖ਼ਰਾਬ ਹੋ ਗਏ ਹਨ | ਉਹਨਾਂ ਨੇ ਸਰਕਾਰ ਤੋਂ ਖ਼ਾਸ ਮੰਗ ਕੀਤੀ ਕਿ ਪ੍ਰਭਾਵਿਤ ਜ਼ਮੀਨਾਂ 'ਚੋਂ ਰੇਤਾ ਕੱਢਣ ਤੇ ਵੇਚਣ ਦਾ ਅਧਿਕਾਰ ਸਿੱਧੇ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਜੋ ਜਦੋਂ ਵੀ ਉਹ ਚਾਹੁਣ, ਆਪਣੀ ਜ਼ਮੀਨ 'ਚੋਂ ਰੇਤਾ-ਮਿੱਟੀ ਕੱਢ ਕੇ ਵੇਚ ਕੇ ਕੁੱਝ ਹੱਦ ਤੱਕ ਆਪਣੇ ਨੁਕਸਾਨ ਦੀ ਭਰਪਾਈ ਕਰ ਸਕਣ |