ਫਿਰੋਜ਼ਪੁਰ, 25 ਸਤੰਬਰ (ਗੁਰਿੰਦਰ ਸਿੰਘ)- ਡਾਇਰੈਕਟਰ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਦੀਪਸ਼ੀਖਾ ਸ਼ਰਮਾ ਵਲੋਂ ਪ੍ਰੋਜੈਕਟ ਜੀਵਨ ਜੋਤ 2.0 ਲਾਗੂ ਕਰਨ ਲਈ ਜ਼ਿਲ੍ਹੇ ਵਿਚ ਬਾਲ ਭਿੱਖਿਆ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਵਲੋਂ ਪੁਲਿਸ ਵਿਭਾਗ ਨਾਲ ਤਾਲਮੇਲ ਕਰਕੇ ਫਿਰੋਜ਼ਪੁਰ ਛਾਉਣੀ ਤੇ ਸ਼ਹਿਰ 'ਚ ਰੇਲਵੇ ਸਟੇਸ਼ਨ, ਬੱਸ ਸਟੈਂਡ, ਦਰਗਾਹ ਬਾਬਾ ਸ਼ੇਰਸ਼ਾਹ ਵਲੀ, ਸ਼ੀਤਲਾ ਮੰਦਿਰ, ਹਨੂਮਾਨ ਮੰਦਿਰ, ਜ਼ੀਰਾ ਗੇਟ, ਸ਼ਿਵਾਲਾ ਮੰਦਿਰ ਵਿਖੇ ਚੈਕਿੰਗ ਕੀਤੀ ਗਈ ਜਿਸ ਦੌਰਾਨ ਕੋਈ ਵੀ ਬੱਚਾ ਭਿੱਖਿਆ ਮੰਗਦਾ ਨਹੀਂ ਮਿਲਿਆ | ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਫਿਰੋਜ਼ਪੁਰ ਬਲਜਿੰਦਰ ਕੌਰ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਸਮੇਤ ਟਾਸਕ ਫੋਰਸ ਟੀਮ ਨਾਲ ਮਿਲ ਕੇ ਦੁਕਾਨਦਾਰਾਂ ਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਭੀਖ ਮੰਗਾਉਣਾ ਕਾਨੂੰਨੀ ਅਪਰਾਧ ਹੈ | ਬਾਲ ਭਿੱਖਿਆ ਨੂੰ ਖ਼ਤਮ ਕਰਨ ਲਈ ਭੀਖ ਮੰਗਣ ਵਾਲੇ ਬੱਚਿਆਂ ਨੂੰ ਭੀਖ ਵਿਚ ਪੈਸੇ ਨਾ ਦਿੱਤੇ ਜਾਣ ਤੇ ਉਹਨਾਂ ਦੇ ਮਾਤਾ-ਪਿਤਾ ਦੀ ਕਾਊਾਸਲਿੰਗ ਕੀਤੀ ਜਾਵੇ ਕਿ ਉਹ ਆਪਣੇ ਬੱਚਿਆ ਤੋਂ ਭੀਖ ਮੰਗਵਾਉਣ ਦੀ ਥਾਂ ਉਹਨਾਂ ਨੂੰ ਸਕੂਲ ਭੇਜਣ | ਉਨ੍ਹਾਂ ਦੱਸਿਆ ਕਿ ਬੱਚਿਆਂ ਦੀ ਸੁਰੱਖਿਆ ਤੇ ਦੇਖਭਾਲ ਸੰਬੰਧੀ ਉਹਨਾਂ ਦੇ ਦਫਤਰ ਨਾਲ ਤੇ ਚਾਈਲਡ ਹੈਲਪ ਲਾਈਨ ਨੰਬਰ 1098 'ਤੇ ਫੋਨ ਕਰ ਕੇ ਬੱਚਿਆਂ ਸੰਬੰਧੀ ਕੋਈ ਵੀ ਜਾਣਕਾਰੀ ਲਈ ਜਾ ਸਕਦੀ ਹੈ |