ਫ਼ਿਰੋਜ਼ਪੁਰ, 27 ਸਤੰਬਰ (ਰਾਕੇਸ਼ ਚਾਵਲਾ)- ਕਿਸਾਨਾਂ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲੇ ਮਰਹੂਮ ਗਵਰਨਰ ਸਤਿਆਪਲ ਮਲਿਕ ਨੂੰ ਸ਼ਰਧਾਂਜਲੀ ਦੇਣ ਲਈ ਦਿੱਲੀ ਵਿਖੇ ਇਕ ਸਮਾਗਮ ਕੀਤਾ ਗਿਆ ਜਿਸ ਵਿਚ ਵਿਸ਼ੇਸ਼ ਸ਼ਮੂਲੀਅਤ ਕਰਕੇ ਐੱਸ.ਕੇ.ਐੱਮ. ਗੈਰ ਸਿਆਸੀ ਦੇ ਆਗੂ ਸੁਖਜਿੰਦਰ ਸਿੰਘ ਖੋਸਾ, ਗੁਰਸੇਵਕ ਸਿੰਘ ਧਾਲੀਵਾਲ, ਗੁਰਭੇਜ ਸਿੰਘ ਕੋਟ ਬੁੱਢਾ ਤੇ ਅੰਗਰੇਜ਼ ਸਿੰਘ ਖਹਿਰਾ ਭਾਕਿਯੂ ਵਲੋਂ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਆਗੂਆਂ ਨੇ ਕਿਹਾ ਕਿ ਮਰਹੂਮ ਮਲਿਕ ਦੀ ਸੋਚ ਕਿਸਾਨਾਂ ਤੇ ਮਜ਼ਦੂਰਾਂ ਪ੍ਰਤੀ ਅਤੇ ਸਿੱਖਾਂ ਪ੍ਰਤੀ ਉੱਚੀ ਤੇ ਸੁੱਚੀ ਸੋਚ ਸੀ, ਜਿਸ ਉੱਪਰ ਭਾਰਤ ਦੇ ਲੋਕ ਪਹਿਰਾ ਦੇਣਗੇ ਤੇ ਉਹ ਸੋਚ ਨੂੰ ਲੈ ਕੇ ਅੱਗੇ ਜਾਣਗੇ | ਆਗੂਆਂ ਨੇ ਅੱਗੇ ਦੱਸਿਆ ਕਿ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਦੀ ਹਮਾਇਤ ਕਰਨ ਕਰਕੇ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਕੋਈ ਸਨਮਾਨ ਨਹੀਂ ਦਿੱਤਾ ਗਿਆ ਤੇ ਨਾ ਹੀ ਉਨ੍ਹਾਂ ਨੂੰ ਸਲਾਮੀ ਦਿੱਤੀ ਗਈ ਕਿਉਂਕਿ ਉਹ ਦੇਸ਼ ਹਿਤ ਦੀ ਗੱਲ ਕਰਦੇ ਸਨ | ਆਗੂਆਂ ਨੇ ਦੱਸਿਆ ਕਿ ਸ਼ਰਧਾਂਜਲੀ ਸਮਾਰੋਹ ਵਿਚ ਬਹੁਤ ਵੱਡਾ ਇਕੱਠ ਹੋਇਆ ਤੇ ਵੱਡੀ ਗਿਣਤੀ ਵਿਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਲੋਂ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ |