ਮੱਲਾਂਵਾਲਾ, 28 ਸਤੰਬਰ (ਬਲਬੀਰ ਸਿੰਘ ਜੋਸਨ)-ਮੱਲਾਂਵਾਲਾ ਫ਼ਿਰੋਜ਼ਪੁਰ ਮੇਨ ਸੜਕ ਨਾ ਬਣਨ ਕਾਰਨ ਪਿਛਲੇ ਲੰਬੇ ਸਮੇਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਫ਼ਿਰੋਜ਼ਪੁਰ ਮੱਲਾਂਵਾਲਾ ਸੜਕ ਉੱਤੇ ਵੱਸਦੇ ਪਿੰਡਾਂ ਦੇ ਲੋਕਾਂ ਨੇ ਆਿਖ਼ਰ ਅੱਜ ਸੜਕ ਜਾਮ ਕਰਕੇ ਧਰਨਾ ਲਗਾ ਦਿੱਤਾ | ਸੜਕ ਉੱਤੇ ਧਰਨਾ ਲਾਈ ਬੈਠੇ ਲੋਕਾਂ ਵਲੋਂ ਪ੍ਰਸ਼ਾਸਨ ਅਤੇ ਸੜਕ ਠੇਕੇਦਾਰਾਂ ਖ਼ਿਲਾਫ਼ ਜੰਮ ਕੇ ਨਾਅਰੇ ਬਾਜ਼ੀ ਕੀਤੀ ਗਈ ਤੇ ਸੜਕ ਬਣਾਉਣ ਦੇ ਕੰਮ 'ਚ ਤੇਜ਼ੀ ਲਿਆਉਣ ਦੀ ਆਪਣੀ ਮੰਗ ਦੁਹਰਾਈ ਗਈ | ਧਰਨੇ 'ਚ ਬੈਠੇ ਲੋਕਾਂ ਨੇ ਦੱਸਿਆ ਕਿ ਫ਼ਿਰੋਜ਼ਪੁਰ ਤੋਂ ਆਰਿਫ਼ ਕੇ ਤੱਕ ਸੜਕ ਨੂੰ ਚੌੜਾ ਕਰਨ ਅਤੇ ਨਵੀਂ ਸੜਕ ਬਣਾਉਣ ਦਾ ਕੰਮ ਪਿਛਲੇ ਕਰੀਬ ਡੇਢ ਸਾਲ ਤੋਂ ਚੱਲ ਰਿਹਾ ਹੈ | ਲੋਕਾਂ ਕਿਹਾ ਕਿ ਕਰੀਬ 15 ਕਿੱਲੋਮੀਟਰ ਲੰਬੀ ਸੜਕ ਦਾ ਕੰਮ ਅੱਜ ਵੀ ਅਟਾਰੀ ਤੋਂ ਅੱਗੇ ਫ਼ਿਰੋਜ਼ਪੁਰ ਵੱਲ ਅੱਧ ਤੋਂ ਵੱਧ ਅਧੂਰਾ ਪਿਆ ਹੈ | ਇਸ ਅੱਧ ਵਿਚਾਲੇ ਪੈ ਕੰਮ ਨੂੰ ਲੈ ਕੇ ਧਰਨਾਕਾਰੀਆਂ ਵਲੋ ਠੇਕੇਦਾਰ ਦੀ ਲਾਪਰਵਾਹੀ ਅਤੇ ਪ੍ਰਸ਼ਾਸਨ ਦੀ ਮਿਲੀ ਭੁਗਤ ਦੱਸਿਆ ਗਿਆ ਹੈ | ਧਰਨੇ 'ਚ ਬੈਠੇ ਵੱਖ ਵੱਖ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਅਧੂਰੀ ਸੜਕ ਕਾਰਨ ਕਿਸਾਨਾਂ ਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡਾ ਦੇ ਲੋਕਾਂ ਨੇ ਕਿਹਾ ਕਿ ਕੁੱਝ ਦਿਨਾਂ ਤੱਕ ਬੀੜ ਬਾਬਾ ਬੁੱਢਾ ਸਾਹਿਬ ਤਰਨਤਾਰਨ ਵਿਖੇ ਸਾਲਾਨਾ ਜੋੜ ਮੇਲਾ ਆ ਰਿਹਾ ਹੈ | ਜਿਸ ਵਿਚ ਸ਼ਾਮਿਲ ਹੋਣ ਲਈ ਹਜ਼ਾਰਾਂ ਸੰਗਤਾਂ ਇਸ ਸੜਕ ਤੋਂ ਲੰਘਦੀਆਂ ਹਨ | ਲੋਕਾਂ ਨੇ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾ ਕੇ ਮੁਕੰਮਲ ਕੀਤਾ ਜਾਵੇ |