ਜ਼ੀਰਾ, 28 ਸਤੰਬਰ (ਪ੍ਰਤਾਪ ਸਿੰਘ ਹੀਰਾ)-ਫਿਰੋਜ਼ਪੁਰ ਰੋਡ 'ਤੇ ਪਿੰਡ ਫੇਰੋ ਕੇ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਦੌਰਾਨ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਹਿਚਾਣ ਅਸ਼ਵਨੀ ਮਦਾਨ ਉਰਫ਼ ਬਿੱਟੂ (50 ਸਾਲ) ਵਜੋਂ ਹੋਈ ਹੈ, ਜੋ ਜ਼ੀਰਾ ਦੇ ਇੱਕ ਸ਼ੈਲਰ ਵਿਚ ਕੰਮ ਕਰਦਾ ਸੀ ਅਤੇ ਆਪਣੇ ਮੋਟਰਸਾਈਕਲ ਨੰਬਰ ਪੀ.ਬੀ.47ਐੱਫ7936 'ਤੇ ਸਵਾਰ ਹੋ ਕੇ ਫ਼ਿਰੋਜ਼ਪੁਰ ਜਾ ਰਿਹਾ ਸੀ ਤਾਂ ਪਿੰਡ ਫੇਰੋ ਕੇ ਨਜ਼ਦੀਕ ਇਕ ਟਰੱਕ ਨਾਲ ਟੱਕਰ ਹੋ ਗਈ | ਜਿਸ ਦੌਰਾਨ ਉਸ ਦੀਆਂ ਟਰੱਕ ਦੇ ਪਿਛਲੇ ਟਾਇਰਾਂ ਹੇਠਾਂ ਆ ਜਾਣ ਕਾਰਨ ਦੋਵੇਂ ਲੱਤਾਂ ਟੁੱਟ ਗਈਆਂ | ਹਾਦਸੇ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ | ਜ਼ਖ਼ਮੀ ਹਾਲਤ 'ਚ ਉਕਤ ਵਿਅਕਤੀ ਨੂੰ ਇਲਾਜ ਲਈ ਸੇਵਾ ਮੁਕਤ ਨਾਇਬ ਤਹਿਸੀਲਦਾਰ ਅਤੇ ਸਹਾਰਾ ਕਲੱਬ ਜ਼ੀਰਾ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ, ਹਰਜਿੰਦਰ ਸਿੰਘ ਰਾਜੂ ਅਤੇ ਅਰਮਾਨਦੀਪ ਸਿੰਘ ਵਲੋਂ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ |