ਫ਼ਿਰੋਜ਼ਪੁਰ, 2 ਨਵੰਬਰ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਦੇ ਸਰਹੱਦੀ ਖੇਤਰ ਵਿਚ ਆਏ ਭਿਆਨਕ ਹੜ੍ਹਾਂ ਨੇ ਜਿੱਥੇ ਲੋਕਾਂ ਦੀ ਜਾਨ-ਮਾਲ ਦਾ ਵੱਡਾ ਨੁਕਸਾਨ ਕੀਤਾ ਹੈ ਉੱਥੇ ਬੱਚਿਆਂ ਦੀ ਪੜ੍ਹਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ | ਕਈ ਪਰਿਵਾਰਾਂ ਦੇ ਘਰ, ਰੋਜ਼ਗਾਰ ਅਤੇ ਖੇਤੀਬਾੜੀ ਪਾਣੀ 'ਚ ਵਹਿ ਜਾਣ ਕਾਰਨ ਉਹ ਆਪਣੇ ਬੱਚਿਆਂ ਦੀ ਸਕੂਲ ਫ਼ੀਸ ਭਰਨ ਵਿਚ ਅਸਮਰਥ ਹੋ ਗਏ ਸਨ | ਵਿਦਿਆਰਥੀਆਂ ਦੇ ਪਰਿਵਾਰਾਂ ਦੀ ਆਰਥਿਕ ਸਥਿੱਤੀ ਨੂੰ ਦੇਖਦੇ ਹੋਏ ਡਾ. ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਿਰੋਜ਼ਪੁਰ ਦੀ ਪ੍ਰੇਰਨਾ ਸਦਕਾ 'ਈਚ ਵਨ ਅਡਾਪਟ ਵਨ' ਮੁਹਿੰਮ ਵਿਚ ਵਡਮੁੱਲਾ ਸਹਿਯੋਗ ਕਰਦਿਆਂ ਸਮਾਜ ਸੇਵੀ ਸੰਸਥਾ ਸਤਿਨਾਮ ਸਰਬ ਕਲਿਆਣ ਟਰੱਸਟ ਚੰਡੀਗੜ੍ਹ ਅਤੇ ਗਿਵ ਐਂਡ ਗਰੋਅ ਫਾਊਾਡੇਸ਼ਨ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੀਰਾ ਘਾਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਨਾਂ ਮੱਤੜ, ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਨੌਂ ਬਹਿਰਾਮ ਸ਼ੇਰ ਸਿੰਘ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਿਦਿਆਰਥੀਆਂ ਦੀ ਸਹਾਇਤਾ ਲਈ ਮਨੁੱਖਤਾ ਭਰਿਆ ਕਦਮ ਚੁੱਕਿਆ ਗਿਆ ਹੈ | ਟਰੱਸਟ ਵਲੋਂ ਜ਼ਿਲ੍ਹੇ ਦੇ 3 ਸਕੂਲਾਂ ਦੇ 10ਵੀਂ ਅਤੇ 12ਵੀਂ ਜਮਾਤ ਦੇ 150 ਬੱਚਿਆਂ ਦੀਆਂ 2.50 ਲੱਖ ਰੁਪਏ ਤੋਂ ਵੱਧ ਦੀਆਂ ਬੋਰਡ ਪ੍ਰੀਖਿਆਵਾਂ ਅਤੇ ਸਕੂਲੀ ਫ਼ੀਸਾਂ ਭਰੀਆਂ ਗਈਆਂ, ਤਾਂ ਜੋ ਕੋਈ ਵੀ ਵਿਦਿਆਰਥੀ ਆਰਥਿਕ ਤੰਗੀ ਕਾਰਨ ਆਪਣੀ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਵੇ | ਇਸ ਤੋਂ ਪਹਿਲਾਂ ਇਸ ਸੰਸਥਾ ਵਲੋਂ ਹੜ੍ਹ ਪ੍ਰਭਾਵਿਤ 14 ਸਕੂਲਾਂ ਦੇ 2000 ਤੋਂ ਵੱਧ ਬੱਚਿਆਂ ਦੇ ਲਈ ਸਟੇਸ਼ਨਰੀ, ਬੈਗ ਅਤੇ ਹੋਰ ਲੋੜੀਂਦੇ ਸਮਾਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਉੱਘੇ ਸਮਾਜ ਸੇਵੀ ਅਤੇ ਟਰੱਸਟ ਦੇ ਸੰਸਥਾਪਕ ਜਸਜੀਤ ਸਿੰਘ ਮਲਿਕ ਨੇ ਕਿਹਾ ਕਿ ਸਿੱਖਿਆ ਹਰ ਬੱਚੇ ਦਾ ਮੂਲ ਅਧਿਕਾਰ ਹੈ ਅਤੇ ਸਮਾਜ ਦੇ ਹਰੇਕ ਵਰਗ ਨੂੰ ਇਸ ਪਵਿੱਤਰ ਕਾਰਜ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਨੇ ਟਰੱਸਟ ਦੇ ਇਸ ਨੇਕ ਉਪਰਾਲੇ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਸਿੱਖਿਅਤ ਅਤੇ ਅਗਾਂਹ ਵਧੂ ਸਮਾਜ ਸਿਰਜਣ ਵਿਚ ਸਹਾਈ ਹੁੰਦੇ ਹਨ | ਇਸ ਮੌਕੇ ਸਕੂਲ ਪਿ੍ੰਸੀਪਲ ਪ੍ਰੇਮ ਸਿੰਘ, ਸਤੀਸ਼ ਕੁਮਾਰ, ਗੁਰਵਿੰਦਰ ਸਿੰਘ ਅਤੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਟਰੱਸਟ ਦੇ ਸਮੂਹ ਸੇਵਾਦਾਰਾਂ ਦਾ ਹਿਰਦੇ ਤੋਂ ਧੰਨਵਾਦ ਕੀਤਾ | ਇਸ ਮੌਕੇ ਸੰਸਥਾ ਦੇ ਆਗੂ ਅੰਮਿ੍ਤਪਾਲ ਸਿੰਘ, ਟੀ.ਐੱਸ ਬੇਦੀ, ਅਸ਼ੋਕ ਬਹਿਲ, ਦਸਮੇਸ਼ ਸਿੰਘ ਸੇਠੀ ਅਤੇ ਭੁਪਿੰਦਰ ਸਿੰਘ ਛਾਬੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |