ਗੁਰੂਹਰਸਹਾਏ, 2 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਦਿਆਰਥੀਆਂ ਵਿਚ ਨੈਤਿਕ ਕਦਰਾਂ ਕੀਮਤਾਂ ਉਜਾਗਰ ਕਰਨ, ਉਹਨਾਂ 'ਚ ਗੁਣਾਂ ਦੀ ਭਰਮਾਰ ਪੈਦਾ ਕਰਨ ਅਤੇ ਸਰਬੱਤ ਦੇ ਭਲੇ ਲਈ ਗੁਰਬਾਣੀ ਨੂੰ ਉਹਨਾਂ ਦੇ ਮਨਾਂ 'ਚ ਵਸਾਉਣ ਦੇ ਮਕਸਦ ਲਈ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਲਗਾਤਾਰ ਲਗਾਏ ਜਾ ਰਹੇ ਹਨ | ਅਜਿਹਾ ਹੀ ਕੈਂਪ ਖ਼ਾਲਸਾ ਮਿਸ਼ਨ ਅਕੈਡਮੀ ਗੁਰੂਹਰਸਹਾਏ ਵਿਖੇ ਲਗਾਇਆ ਗਿਆ | ਇਸ ਕੈਂਪ 'ਚ ਫਿਰੋਜ਼ਪੁਰ-ਮੋਗਾ ਜ਼ੋਨ ਦੇ ਅਧੀਨ ਗੁਰੂਹਰਸਹਾਏ ਖੇਤਰ ਦੇ 15 ਸਕੂਲਾਂ ਦੀਆਂ ਲਗਭਗ 200 ਵਿਦਿਆਰਥਣਾਂ ਨੇ ਸ਼ਮੂਲੀਅਤ ਕੀਤੀ | ਕੈਂਪ ਦੇ ਪਹਿਲੇ ਦਿਨ ਸਟੱਡੀ ਸਰਕਲ ਦੇ ਉਦੇਸ਼ ਅਤੇ ਟੀਚੇ ਵਿਸ਼ੇ ਬਾਰੇ ਹਰਸਤਵਿੰਦਰ ਸਿੰਘ ਨੇ ਵਿਦਿਆਰਥਣਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਇਸ ਤੋਂ ਬਾਅਦ ਸ਼ਾਮ ਨੂੰ ਸਲਾਈਡ ਸ਼ੋਅ ਰਾਹੀਂ ਵਿਦਿਆਰਥਣਾਂ ਨੂੰ ਜਾਣਕਾਰੀ ਦਿੱਤੀ ਗਈ | ਦੂਜੇ ਦਿਨ ਪ੍ਰੋਫੈਸਰ ਮਨਿੰਦਰ ਸਿੰਘ ਅਬੋਹਰ ਨੇ ਵਿਦਿਆਰਥਣਾਂ ਨਾਲ ਸਮੇਂ ਦੇ ਮੈਨੇਜਮੈਂਟ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਉਹਨਾਂ ਨੇ ਵਿਦਿਆਰਥਣਾਂ ਨਾਲ ਗਤੀਵਿਧੀਆਂ ਵੀ ਸਾਂਝੀਆਂ ਕੀਤੀਆਂ | ਉਹਨਾਂ ਤੋਂ ਬਾਅਦ ਵੀਰ ਨਰਿੰਦਰਪਾਲ ਸਿੰਘ ਮੁਕਤਸਰ ਨੇ ਬੱਚਿਆਂ ਨਾਲ ਸਵਾਲ-ਜਵਾਬ ਵਿਸ਼ੇ 'ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ | ਸ਼ਾਮ ਦੇ ਸੈਸ਼ਨ ਵਿਚ ਵੀਰ ਇੰਦਰਪਾਲ ਸਿੰਘ ਜ਼ੋਨਲ ਪ੍ਰਧਾਨ ਨੇ ਵਿਦਿਆਰਥੀ ਜੀਵਨ ਵਿਚ ਨੈਤਿਕਤਾ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਉਹਨਾਂ ਨੇ ਵਿਦਿਆਰਥਣਾਂ ਨਾਲ ਗਤੀਵਿਧੀਆਂ ਰਾਹੀਂ ਉਹਨਾਂ ਨੂੰ ਰੋਚਕਿਤਾ ਭਰਪੂਰ ਜਾਣਕਾਰੀ ਦਿੱਤੀ ਅਤੇ ਵਿਦਿਆਰਥਣਾਂ ਅਤੇ ਸਟੱਡੀ ਸਰਕਲ ਦੇ ਵੀਰਾਂ ਦੁਆਰਾ ਕਵੀ ਦਰਬਾਰ ਸਜਾਇਆ ਗਿਆ | ਜਿਸ ਵਿਚ ਵਿਦਿਆਰਥਣਾਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਭਰਪੂਰ ਸਹਿਯੋਗ ਕੀਤਾ | ਕੈਂਪ ਦੇ ਆਖ਼ਰੀ ਦਿਨ ਸਵੇਰ ਦੇ ਸੈਸ਼ਨ ਵਿਚ ਗੁਰਭੇਜ ਸਿੰਘ ਜ਼ੋਨਲ ਸਕੱਤਰ ਨੇ ਵਿਦਿਆਰਥਣਾਂ ਨਾਲ ਇਤਿਹਾਸ ਦੀ ਭਰਪੂਰ ਜਾਣਕਾਰੀ ਦਿੱਤੀ ਅਤੇ ਉਹਨਾਂ ਬੱਚਿਆਂ ਦੇ ਮਨ ਦੇ ਸ਼ੰਕਿਆਂ ਨੂੰ ਸਵਾਲ ਜਵਾਬ ਰਾਹੀਂ ਦੂਰ ਕੀਤਾ | ਇਸ ਉਪਰੰਤ ਵਿਦਿਆਰਥਣਾਂ ਨੇ ਕੈਂਪ ਦੀ ਸਮਾਪਤੀ 'ਤੇ ਆਪਣੇ ਰਿਵਿਊ ਵੀ ਦਿੱਤੇ | ਵਿਦਿਆਰਥਣਾਂ ਨੇ ਕੈਂਪ ਨੂੰ ਸਫਲਤਾ ਪੂਰਵਕ ਸੰਪੰਨ ਹੋਣ 'ਤੇ ਸਟੱਡੀ ਸਰਕਲ ਦੇ ਵੀਰਾਂ ਦਾ ਧੰਨਵਾਦ ਕੀਤਾ | ਅੰਤ ਵਿਚ ਸਕੂਲ ਦੇ ਡਾਇਰੈਕਟਰ ਨਿਸ਼ਾਨ ਸਿੰਘ ਨੇ ਬੱਚਿਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਅਤੇ ਸਟੱਡੀ ਸਰਕਲ ਵਲੋਂ ਆਏ ਹੋਏ ਸਾਰੇ ਵੀਰਾਂ ਦਾ ਧੰਨਵਾਦ ਕੀਤਾ | ਇਸ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿਚ ਗੁਰਮੀਤ ਸਿੰਘ ਚੱਕ ਬੁੱਢੇਸ਼ਾਹ, ਗੁਰਮੀਤ ਸਿੰਘ ਬੀ.ਪੀ.ਈ.ਓ, ਗੁਰਮੀਤ ਸਿੰਘ ਕੋਹਰ ਸਿੰਘ ਵਾਲਾ, ਗੁਰਚੇਤ ਸਿੰਘ, ਕੁਲਵਿੰਦਰ ਸਿੰਘ ਮੰਗਲ ਸਿੰਘ, ਸੰਜੀਵ ਸਿੰਘ, ਬਲਵੀਰ ਸਿੰਘ ਜ਼ੀਰਾ, ਹਰਨੇਕ ਸਿੰਘ, ਸੁਰਿੰਦਰ ਸਿੰਘ ਅਤੇ ਖ਼ਾਲਸਾ ਮਿਸ਼ਨ ਅਕੈਡਮੀ ਦੇ ਸਮੂਹ ਸਟਾਫ਼ ਨੇ ਆਪਣੀ ਆਪਣੀ ਜਿੰਮੇਵਾਰੀ ਨਿਭਾਈ |