ਫਿਰੋਜ਼ਪੁਰ, 3 ਨਵੰਬਰ (ਸੁਖਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣ ਦੇ ਫ਼ੈਸਲੇ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਿੱਚ ਬਿਜਲੀ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਦੀ ਪ੍ਰਧਾਨਗੀ ਫਿਰੋਜ਼ਪੁਰ ਸਰਕਲ ਦੇ ਪ੍ਰਧਾਨ ਰਮਨਦੀਪ ਸਿੰਘ ਲਹੌਰੀਆ ਨੇ ਕੀਤੀ | ਧਰਨੇ ਦੌਰਾਨ ਟੈਕਨੀਕਲ ਸਰਵਿਸ ਯੂਨੀਅਨ, ਹੈੱਡ ਆਫ਼ਿਸ ਜੁਆਇੰਟ ਐਕਸ਼ਨ ਕਮੇਟੀ, ਇੰਪਲਾਈਜ਼ ਸੰਘਰਸ਼ਸ਼ੀਲ ਯੂਨੀਅਨ, ਪਾਵਰ ਕਾਮ ਐਂਡ ਟਰਾਂਸਕੋ ਪੰਜਾਬ, ਗਰਿੱਡ ਸਬ ਸਟੇਸ਼ਨ ਟੈਕਨੀਕਲ ਅਤੇ ਕਲੈਰੀਕਲ ਇੰਪਲਾਈਜ਼ ਯੂਨੀਅਨ ਪੰਜਾਬ (ਭਾਰਦਵਾਜ)ਪੀ.ਐੱਸ.ਈ.ਬੀ ਅਕਾਊਾਟ ਆਡਿਟ ਐਡਮਿਨਿਸਟਰੇਟਿਵ ਐਸੋਸੀਏਸ਼ਨ, ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਵੈਲਫੇਅਰ ਫੈਡਰੇਸ਼ਨ, ਭਾਰਤੀ ਮਜ਼ਦੂਰ ਸੰਘ ਅਤੇ ਪੀ.ਟੀ.ਐੱਸ ਕਰਮਚਾਰੀ ਯੂਨੀਅਨ ਸਮੇਤ ਕਈ ਜਥੇਬੰਦੀਆਂ ਨੇ ਭਾਗ ਲਿਆ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਵਿਭਾਗ ਦੀਆਂ ਜ਼ਮੀਨਾਂ ਵੇਚਣਾ ਅਤੇ ਕੇਂਦਰ ਵਲੋਂ ਬਿਜਲੀ ਸੋਧ ਬਿੱਲ ਲਿਆਉਣਾ ਦੋਵੇਂ ਹੀ ਪੰਜਾਬ ਮਾਰੂ ਤੇ ਮੁਲਾਜ਼ਮ ਮਾਰੂ ਫ਼ੈਸਲੇ ਹਨ | ਜੇਕਰ ਇਹ ਫ਼ੈਸਲੇ ਤੁਰੰਤ ਵਾਪਸ ਨਾ ਲਏ ਗਏ ਤਾਂ ਬਿਜਲੀ ਕਰਮਚਾਰੀ ਤਿੱਖਾ ਰਾਜ ਵਿਆਪੀ ਸੰਘਰਸ਼ ਸ਼ੁਰੂ ਕਰਨਗੇ | ਧਰਨੇ ਤੋਂ ਬਾਅਦ ਕਰਮਚਾਰੀਆਂ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੈਮੋਰੰਡਮ ਸੌਂਪਿਆ ਗਿਆ ਤੇ ਨਾਲ ਹੀ ਇਹ ਐਲਾਨ ਵੀ ਕੀਤਾ ਗਿਆ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 8 ਨਵੰਬਰ ਨੂੰ ਵਿਧਾਨ ਸਭਾ ਹਲਕਾ ਤਰਨਤਾਰਨ ਵਿਖੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਰੋਸ ਪ੍ਰਦਰਸ਼ਨ ਵਿਚ ਹੋਰਨਾਂ ਤੋਂ ਇਲਾਵਾ ਸਰਵ ਮਨਜੀਤ ਸਿੰਘ ਸੂਬਾ ਸਕੱਤਰ, ਸ਼ਿੰਗਾਰ ਚੰਦ, ਕੁਲਵੰਤ ਸਿੰਘ, ਅਵਤਾਰ ਸਿੰਘ, ਤਰਸੇਮ ਕੁਮਾਰ, ਗੁਰਦੇਵ ਸਿੰਘ ਅਤੇ ਹੋਰ ਸਰਕਲ ਪੱਧਰ ਦੇ ਅਤੇ ਸਭ ਡਿਵੀਜ਼ਨ ਪੱਧਰ ਦੇ ਨੁਮਾਇੰਦਿਆਂ ਨੇ ਸੰਬੋਧਿਤ ਕੀਤਾ | ਇਸ ਤੋਂ ਇਲਾਵਾ ਰਿਟਾਇਰਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਸ਼ਰਮਾ, ਸੁਰਿੰਦਰ ਸ਼ਰਮਾ, ਚੰਚਲ ਸਿੰਘ, ਸ਼ਾਮ ਸਿੰਘ ਆਦਿ ਅਤੇ ਜੇਈ ਕੌਂਸਲ ਇੰਜੀਨੀਅਰ ਐਸੋਸੀਏਸ਼ਨ ਅਤੇ ਹੋਰ ਆਗੂਆਂ ਹਾਜ਼ਰ ਸਨ |